ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੈਨੇਡਾ: ਜਗਮੀਤ ਸਿੰਘ ਦੀ ਐੱਨਡੀਪੀ ਨੇ ਟਰੂਡੋ ਸਰਕਾਰ ਤੋਂ ਹਮਾਇਤ ਵਾਪਸ ਲਈ

ਵਾਰ-ਵਾਰ ਕਾਰਪੋਰੇਟਾਂ ਅੱਗੇ ਝੁਕ ਰਹੇ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ: ਜਗਮੀਤ ਸਿੰਘ; ਚੋਣਾਂ ਮਿਥੇ ਸਮੇਂ ’ਤੇ ਹੀ ਹੋਣਗੀਆਂ: ਟਰੂਡੋ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਐੱਨਡੀਪੀ ਆਗੂ ਜਗਮੀਤ ਸਿੰਘ।
Advertisement

ਓਟਵਾ, 5 ਸਤੰਬਰ

Canadian Govt on Shaky Ground: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਨੂੰ ਉਦੋਂ ਜ਼ੋਰਦਾਰ ਝਟਕਾ ਲੱਗਾ ਜਦੋਂ ਇਸ ਘੱਟਗਿਣਤੀ ਸਰਕਾਰ ਦੀ ਹਮਾਇਤ ਕਰ ਰਹੀ ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੈਟਿਕ ਪਾਰਟੀ (ਐੱਨਡੀਪੀ) ਨੇ ਸਰਕਾਰ ਤੋਂ ਹਮਾਇਤ ਵਾਪਸ ਲੈ ਲਈ। ਇਸ ਘਟਨਾ ਨਾਲ ਟਰੂਡੋ ਸਰਕਾਰ ਦੀ ਸਥਿਤੀ ਡਾਵਾਂਡੋਲ ਹੋ ਗਈ ਹੈ ਅਤੇ ਪ੍ਰਧਾਨ ਮੰਤਰੀ ਨੂੰ ਅਕਤੂਬਰ 2025 ਵਿਚ ਹੋਣ ਵਾਲੀਆਂ ਚੋਣਾਂ ਤੱਕ ਸੱਤਾ ਵਿਚ ਬਣੇ ਰਹਿਣ ਲਈ ਹੋਰ ਭਾਈਵਾਲਾਂ ਦੀ ਤਲਾਸ਼ ਕਰਨੀ ਪਵੇਗੀ।

Advertisement

ਜਗਮੀਤ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਟਰੂਡੋ ਨਾਲ ਆਪਣਾ 2022 ਵਿਚ ਹੋਇਆ ਸਮਝੌਤਾ ‘ਤੋੜ’ ਰਹੇ ਹਨ। ਸੋਸ਼ਲ ਮੀਡੀਆ ਉਤੇ ਜਾਰੀ ਇਕ ਵੀਡੀਓ ਸੁਨੇਹੇ ਵਿਚ ਸਮਝੌਤਾ ਤੋੜਨ ਦਾ ਐਲਾਨ ਕਰਦਿਆਂ ਜਗਮੀਤ ਸਿੰਘ ਨੇ ਕਿਹਾ, ‘‘ਟਰੂਡੋ ਨੇ ਵਾਰ-ਵਾਰ ਸਾਬਤ ਕੀਤਾ ਹੈ ਕਿ ਉਹ ਕਾਰਪੋਰੇਟ ਲਾਲਚ ਅੱਗੇ ਝੁਕਦੇ ਰਹਿਣਗੇ।’’ ਉਨ੍ਹਾਂ ਦਾ ਇਸ਼ਾਰਾ ਸਰਕਾਰ ਦੇ ਮਹਿੰਗਾਈ ਨੂੰ ਨੱਥ ਪਾਉਣ ਵਿਚ ਨਾਕਾਮ ਰਹਿਣ ਵੱਲ ਸੀ।

ਜਗਮੀਤ ਸਿੰਘ ਨੇ ਨਾਲ ਹੀ ਐਲਾਨ ਕੀਤਾ ਕਿ ਉਹ ਆਗਾਮੀ ਚੋਣਾਂ ਵਿਚ ਆਪਣੀ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹੋਣਗੇ। ਉਨ੍ਹਾਂ ਕਿਹਾ, ‘‘ਲਿਬਰਲਾਂ ਨੇ ਲੋਕਾਂ ਦੀ ਹੇਠੀ ਕੀਤੀ ਹੈ, ਉਹ ਹਕੂਮਤ ਦਾ ਇਕ ਹੋਰ ਮੌਕਾ ਹਾਸਲ ਕਰਨ ਦੇ ਹੱਕਦਾਰ ਨਹੀਂ ਹਨ।’’

ਦੂਜੇ ਪਾਸੇ ਟਰੂਡੋ ਨੇ ਆਪਣੀ ਸਰਕਾਰ ਅਤੇ ਆਪਣੇ ਸਮਾਜਿਕ ਪ੍ਰੋਗਰਾਮ ਜਾਰੀ ਰੱਖਣ ਦਾ ਐਲਾਨ ਕਰਦਿਆਂ ਸਮੇਂ ਤੋਂ ਪਹਿਲਾਂ ਚੋਣਾਂ ਕਰਾਉਣ ਤੋਂ ਨਾਂਹ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਚੋਣ ਸਰਵੇਖਣਾਂ ਮੁਤਾਬਕ ਹੁਣੇ ਚੋਣਾਂ ਹੋਣ ਦੀ ਸੂਰਤ ਵਿਚ ਟਰੂਡੋ ਦੀ ਪਾਰਟੀ ਬੁਰੀ ਤਰ੍ਹਾਂ ਹਾਰ ਜਾਵੇਗੀ। ਇਸ ਕਾਰਨ ਟਰੂਡੋ ਚੋਣਾਂ ਕਰਾਉਣ ਦਾ ਖ਼ਤਰਾ ਕਿਵੇਂ ਵੀ ਨਹੀਂ ਸਹੇੜ ਸਕਦੇ ਅਤੇ ਇਸ ਦੀ ਥਾਂ ਉਨ੍ਹਾਂ ਨੂੰ ਸੱਤਾ ਵਿਚ ਬਣੇ ਰਹਿਣ ਲਈ ਵਿਰੋਧੀ ਧਿਰ ਦੇ ਹੋਰ ਕਾਨੂੰਨਸਾਜ਼ਾਂ ਦੀ ਮਦਦ ਲੈਣੀ ਪਵੇਗੀ।

ਇਕ ਸਕੂਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਕਿਹਾ, ‘‘ਚੋਣਾਂ ਅਗਲੇ ਸਾਲ ਹੀ ਹੋਣਗੀਆਂ, ਸੰਭਵ ਤੌਰ ’ਤੇ ਅਗਲੀ ਪਤਝੜ ਰੁੱਤ ਤੋਂ ਪਹਿਲਾਂ ਨਹੀਂ, ਕਿਉਂਕਿ ਇਸ ਸਮੇਂ ਦੌਰਾਨ ਅਸੀਂ ਕੈਨੇਡੀਅਨਾਂ ਲਈ ਕਾਫ਼ੀ ਕੁਝ ਕਰਨਾ ਹੈ।’’ -ਰਾਈਟਰਜ਼

Advertisement