ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ ਤੇ ਭਾਰਤ ਹਾਈ ਕਮਿਸ਼ਨਰਾਂ ਦੀ ਬਹਾਲੀ ਲਈ ਸਹਿਮਤ

ਜੀ7 ਤੋਂ ਇਕਪਾਸੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਵਿਚਾਲੇ ਬੈਠਕ ’ਚ ਬਣੀ ਸਹਿਮਤੀ
Advertisement

ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 18 ਜੂਨ

Advertisement

ਕੈਨੇਡਾ ਤੇ ਭਾਰਤ ਨੇ ਇਕ ਦੂਜੇ ਮੁਲਕਾਂ ਵਿਚ ਆਪੋ ਆਪਣੇ ਹਾਈ ਕਮਿਸ਼ਨਰਾਂ ਦੀ ਬਹਾਲੀ ’ਤੇ ਸਹਿਮਤੀ ਦਿੱਤੀ ਹੈ। ਕੈਨੇਡਾ ਵਿਚ ਚੱਲ ਰਹੇ ਜੀ7 ਸਿਖਰ ਸੰਮੇਲਨ ਦੇ ਦੂਜੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਕੈਨੇਡਿਆਈ ਹਮਰੁਤਬਾ ਮਾਰਕ ਕਾਰਨੀ ਨੇ ਵਾਰਤਾ ਤੋਂ ਇਕਪਾਸੇ ਬੈਠਕ ਵਿਚ ਹਾਈ ਕਮਿਸ਼ਨਰਾਂ ਦੀ ਨਿਯੁਕਤੀ ਨਾਲ ਕੂਟਨੀਤਕ ਸਬੰਧ ਸੁਧਾਰਨ ਦੀ ਪਹਿਲਕਦਮੀ ’ਤੇ ਸਹਿਮਤੀ ਪ੍ਰਗਟਾਈ ਹੈ।

ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਕੁੜੱਤਣ ਉਦੋਂ ਵੱਧ ਗਈ ਸੀ, ਜਦੋਂ ਤੱਤਕਾਲੀ ਕੈਨੇਡਿਆਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਵਿੱਚ ਖੜ੍ਹ ਕੇ ਭਾਰਤ ’ਤੇ ਕੈਨੇਡਿਆਈ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਦੋਸ਼ ਲਾਇਆ ਸੀ। ਇਸ ਉਪਰੰਤ ਕੈਨੇਡਾ ਨੇ 6 ਭਾਰਤੀ ਰਾਜਦੂਤਾਂ ਨੂੰ ਵਾਪਸ ਭੇਜਿਆ ਸੀ ਤੇ ਭਾਰਤ ਨੇ ਵੀ ਜਵਾਬੀ ਕਾਰਵਾਈ ਵਿਚ ਕੈਨੇਡੀਅਨ ਹਾਈ ਕਮਿਸ਼ਨ ਦੇ ਕੁਝ ਮੈਂਬਰਾਂ ਨੂੰ ਭਾਰਤ ਛੱਡਣ ਲਈ ਆਖਿਆ ਸੀ। ਇਸ ਮਗਰੋਂ ਦੁਵੱਲੀ ਬਿਆਨਬਾਜ਼ੀ ਨਾਲ ਦੋਵਾਂ ਮੁਲਕਾਂ ਵਿਚ ਕਸ਼ੀਦਗੀ ਵਧਦੀ ਗਈ। ਇਸ ਕਰਕੇ ਕੈਨੇਡਾ ਵਸੇ ਭਾਰਤੀਆਂ ਨੂੰ ਵੀਜ਼ੇ ਅਤੇ ਕਈ ਹੋਰ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਸੀ।

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮਾਰਚ ਮਹੀਨੇ ਮਾਰਕ ਕਾਰਨੀ ਨੂੰ ਪ੍ਰਧਾਨ ਮੰਤਰੀ ਬਣਨ ’ਤੇ ਦਿੱਤੀ ਵਧਾਈ ਨੂੰ ਸਬੰਧਾਂ ਵਿੱਚ ਸੁਧਾਰ ਦੀ ਦਿਸ਼ਾ ਵਿਚ ਚੁੱਕੇ ਕਦਮ ਵਜੋਂ ਦੇਖਿਆ ਜਾਣ ਲੱਗਾ ਸੀ। ਬੇਸ਼ੱਕ ਸੋਮਵਾਰ ਰਾਤੀਂ ਭਾਰਤੀ ਪ੍ਰਧਾਨ ਮੰਤਰੀ ਦੇ ਕੈਲਗਰੀ ਪਹੁੰਚਣ ’ਤੇ ਉਨ੍ਹਾਂ ਦੇ ਸਵਾਗਤ ਲਈ ਕੈਨੇਡਾ ਸਰਕਾਰ ਦਾ ਕੋਈ ਮੰਤਰੀ ਜਾਂ ਵੱਡਾ ਅਧਿਕਾਰੀ ਨਹੀਂ ਪਹੁੰਚਿਆ। ਹਵਾਈ ਅੱਡੇ ’ਤੇ ਪ੍ਰਧਾਨ ਮੰਤਰੀ ਮੋਦੀ ਨੂੰ ਕੈਲਗਰੀ ਦੇ ਮਿਊਂਸਪਲ ਕੌਂਸਲਰ ਵਲੋਂ ਜੀ ਆਇਆਂ ਕਿਹਾ ਗਿਆ। ਸਿਆਸੀ ਸੋਚ ਵਾਲੇ ਲੋਕਾਂ ਵਲੋਂ ਕੈਨੇਡਾ ਸਰਕਾਰ ਦੀ ਇਸ ਬੇਰੁਖੀ ਨੂੰ ਸਾਬਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਮੌਕੇ ਉਨ੍ਹਾਂ ਨਾਲ ਕੀਤੇ ਅਜਿਹੇ ਸਲੂਕ ਵਜੋਂ ਵੇਖਿਆ ਜਾ ਰਿਹਾ ਸੀ, ਪਰ ਦੁਵੱਲੇ ਕੂਟਨੀਤਕ ਸਬੰਧਾਂ ਵਿੱਚ ਸੁਧਾਰ ਦੀ ਦਿਸ਼ਾ ’ਚ ਚੁੱਕੇ ਕਦਮ ਨੂੰ ਸ਼ੁਭ ਸ਼ਗਨ ਵਜੋਂ ਵੇਖਿਆ ਜਾ ਰਿਹਾ ਹੈ।

Advertisement
Tags :
canadaCarney Modi MeetG7
Show comments