ਕੈਨੇਡਾ: ਟਰੱਕ ਡਰਾਈਵਰਾਂ ਖਿਲਾਫ਼ ਸਖ਼ਤ ਹੋਇਆ ਟਰਾਂਸਪੋਰਟ ਵਿਭਾਗ
ਅਲਬਰਟਾ ’ਚ ਪੰਜ ਡਰਾਈਵਿੰਗ ਸਿਖਲਾਈ ਕੇਂਦਰਾਂ ਦੀ ਮਾਨਤਾ ਰੱਦ, ਲਿਹਾਜਦਾਰੀ ਪਾਲਣ ਵਾਲੇ ਨਿਰੀਖਕਾਂ ਦੀਆਂ ਸੇਵਾਵਾਂ ਖ਼ਤਮ; ਸੈਂਕੜੇ ਡਰਾਈਵਿੰਗ ਲਾਇਸੈਂਸ ਰੱਦ
ਕੈਨੇਡਾ ਤੇ ਅਮਰੀਕਾ ਵਿੱਚ ਪਿਛਲੇ ਮਹੀਨਿਆਂ ਦੌਰਾਨ ਹੋਏ ਵੱਡੇ ਟਰੱਕ ਹਾਦਸਿਆਂ ਮਗਰੋਂ ਦੋਵਾਂ ਦੇਸ਼ਾਂ ਦਾ ਟਰਾਂਸਪੋਰਟ ਵਿਭਾਗ ਕਾਫੀ ਚੌਕਸ ਹੋ ਗਿਆ ਹੈ। ਵਿਭਾਗ ਨੇ ਬੀਤੇ ਵਿਚ ਕੀਤੀਆਂ ਗ਼ਲਤੀਆਂ ’ਚ ਸੁਧਾਰ ਕਰਦਿਆਂ ਲਿਹਾਜ਼ਦਾਰੀ ਪਾਲਣ ਵਾਲੇ ਨਿਰੀਖਕਾਂ ਦੀ ਸੇਵਾਵਾਂ ਖ਼ਤਮ ਕਰਨ ਦੇ ਨਾਲ ਸੈਂਕੜੇ ਟਰੱਕ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਹਨ। ਇਹੀ ਨਹੀਂ ਪੰਜ ਡਰਾਈਵਿੰਗ ਸਿਖਲਾਈ ਕੇਂਦਰਾਂ ਦੀ ਮਾਨਤਾ ਵੀ ਰੱਦ ਕੀਤੀ ਗਈ ਹੈ।
ਪਿਛਲੇ ਸਾਲਾਂ ਦੌਰਾਨ ਸੁਣਨ ਵਿਚ ਆਉਂਦਾ ਰਿਹਾ ਕਿ ਜਿਸ ਦਾ ਟਰੱਕ ਡਰਾਈਵਰੀ ਦਾ ਲਾਇਸੈਂਸ ਕਿਤੋਂ ਨਾ ਬਣਦਾ ਹੋਵੇ, ਉਹ ਅਲਬਰਟਾ ਸੂਬੇ ’ਚੋਂ ਜਾ ਕੇ ਬਣਵਾ ਲੈਂਦਾ ਸੀ। ਅਲਬਰਟਾ ਦੇ ਟਰਾਂਸਪੋਰਟ ਵਿਭਾਗ ਨੇ ਸਖ਼ਤੀ ਵਰਤਦਿਆਂ ਆਪਣੇ ਪੰਜ ਡਰਾਈਵਰ ਸਿਖਲਾਏ ਕੇਂਦਰਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ।
ਟੈਸਟ ਲੈ ਕੇ ਲਾਇਸੈਂਸ ਦੇਣ ਵਾਲੇ 9 ਵਿਭਾਗੀ ਨਿਰੀਖਕਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ ਅਤੇ ਕਈ ਟਰਾਂਸਪੋਰਟ ਕੰਪਨੀਆਂ ਦੀ ਮਾਨਤਾ ਰੱਦ ਕੀਤੀ ਹੈ। ਪਿਛਲੇ ਮਹੀਨਿਆਂ ਵਿੱਚ ਜਾਰੀ ਹੋਏ ਸੈਂਕੜੇ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਹਨ ਅਤੇ ਕਈਆਂ ਨੂੰ ਮੁੜ ਤੋਂ ਟੈਸਟ ਦੇ ਕੇ ਲਾਇਸੈਂਸ ਨਵਿਆਉਣ ਦੇ ਨੋਟਿਸ ਜਾਰੀ ਕੀਤੇ ਹਨ।
ਵਿਭਾਗੀ ਸੂਤਰਾਂ ਅਨੁਸਾਰ ਓਂਟਾਰੀਓ ਸੂਬੇ ਨੇ ਵੀ ਸਖਤੀ ਲਈ ਤਿਆਰੀ ਕੱਸ ਲਈ ਹੈ। ਨਿਰੀਖਕਾਂ ਅਤੇ ਅਫਸਰਾਂ ਨੂੰ ਨਵੇਂ ਨਿਰਦੇਸ਼ ਮਿਲਣ ਲੱਗੇ ਹਨ। ਟੈਸਟ ਵਿੱਚ ਸਖਤੀ ਦੇ ਨਾਲ ਨਾਲ ਇੱਛੁਕਾਂ ਦੀ ਮਾਨਸਿਕਤਾ ਪਰਖ ਜ਼ਰੂਰੀ ਕੀਤੇ ਜਾਣ ਦੇ ਨਿਯਮ ਬਣਨ ਲੱਗੇ ਹਨ। ਹੋਰ ਰਾਜਾਂ ਵਿੱਚ ਵੀ ਸੜਕੀ ਨਿਯਮ ਸਖਤ ਕੀਤੇ ਜਾਣ ਲਈ ਸਰਵੇਖਣ ਕਰਵਾਏ ਜਾਣ ਲੱਗੇ ਹਨ ਅਤੇ ਟਰੈਫਿਕ ਪੁਲੀਸ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਜਾਣ ਦੀਆਂ ਤਿਆਰੀਆਂ ਹੋਣ ਲੱਗੀਆਂ ਹਨ।
ਓਂਟਾਰੀਓ ਦੇ ਕੁਝ ਸ਼ਹਿਰਾਂ ਦੀਆਂ ਮਿਉਂਸਿਪੈਲਿਟੀਆਂ ਵਲੋਂ ਸਪੀਡ ਕੈਮਰਿਆਂ ਦੀ ਗਿਣਤੀ ਵਧਾਈ ਜਾਣ ਲੱਗੀ ਹੈ ਤਾਂ ਜੋ ਤੇਜ਼ ਰਫ਼ਤਾਰੀ ਨੂੰ ਠੱਲ ਪੈ ਸਕੇ। ਇਨ੍ਹਾਂ ਸਖ਼ਤੀਆਂ ਨਾਲ ਸੜਕ ਸੁਰੱਖਿਆ ਵਿੱਚ ਕਿੰਨਾ ਸੁਧਾਰ ਆਏਗਾ, ਇਸ ਦਾ ਪਤਾ ਕੁਝ ਮਹੀਨੇ ਬਾਅਦ ਹੀ ਲੱਗ ਸਕੇਗਾ।