ਕੈਨੇਡਾ ਤੇ ਭਾਰਤ ਵੱਲੋਂ ਨਵੇਂ ਰਾਜਦੂਤ ਨਿਯੁਕਤ
ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕ੍ਰਿਸਟੋਫ਼ਰ ਕੂਟਰ ਨੂੰ ਭਾਰਤ ਲਈ ਕੈਨੇਡਾ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਤਕਰੀਬਨ 10 ਮਹੀਨੇ ਬਾਅਦ ਹੋਈ ਹੈ, ਜਦੋਂ ਦੋਵਾਂ ਮੁਲਕਾਂ ਨੇ ਇੱਕ ਦੂਜੇ ਦੇ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ। ਕ੍ਰਿਸਟੋਫ਼ਰ ਕੂਟਰ ਹੁਣ ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਹੋਣਗੇ। ਕੈਨੇਡੀਅਨ ਵਿਦੇਸ਼ ਵਿਭਾਗ ਮੁਤਾਬਕ ਕ੍ਰਿਸਟੋਫਰ ਕੂਟਰ ਨੂੰ ਕੂਟਨੀਤੀ ਵਿੱਚ 35 ਸਾਲਾਂ ਦਾ ਤਜਰਬਾ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਇਜ਼ਰਾਈਲ ਵਿੱਚ ਕੈਨੇਡਾ ਦੇ ਚਾਰਜ ਡੀ ਅਫੇਅਰਜ਼ ਵਜੋਂ ਕੰਮ ਕੀਤਾ ਹੈ। ਇਸ ਤੋਂ ਇਲਾਵਾ, ਉਹ ਦੱਖਣੀ ਅਫ਼ਰੀਕਾ, ਨਾਮੀਬੀਆ, ਲੇਸੋਥੋ, ਮੌਰੀਸ਼ਸ ਅਤੇ ਮੈਡਾਗਾਸਕਰ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਵੀ ਰਹਿ ਚੁੱਕੇ ਹਨ। ਖ਼ਾਸ ਗੱਲ ਇਹ ਹੈ ਕਿ ਕੂਟਰ 1998 ਤੋਂ 2000 ਤੱਕ ਨਵੀਂ ਦਿੱਲੀ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਵਿੱਚ ਫ਼ਸਟ ਸੈਕਟਰੀ ਵੀ ਰਹਿ ਚੁੱਕੇ ਹਨ।
ਇਸੇ ਤਰ੍ਹਾਂ ਭਾਰਤ ਨੇ ਸੀਨੀਅਰ ਡਿਪਲੋਮੈਟ ਦਿਨੇਸ਼ ਕੇ. ਪਟਨਾਇਕ ਨੂੰ ਕੈਨੇਡਾ ਵਿੱਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ। ਉਹ 1990 ਬੈਚ ਦੇ ਭਾਰਤੀ ਵਿਦੇਸ਼ ਸੇਵਾ (IFS) ਅਧਿਕਾਰੀ ਹਨ ਅਤੇ ਵਰਤਮਾਨ ਵਿੱਚ ਸਪੇਨ ਵਿੱਚ ਭਾਰਤ ਦੇ ਰਾਜਦੂਤ ਵਜੋਂ ਕੰਮ ਕਰ ਰਹੇ ਹਨ। ਜਾਣਕਾਰੀ ਅਨੁਸਾਰ, ਉਹ ਬਹੁਤ ਜਲਦੀ ਆਪਣਾ ਨਵਾਂ ਅਹੁਦਾ ਸੰਭਾਲਣਗੇ।
ਇਸ ਨਵੀਂ ਨਿਯੁਕਤੀ ’ਤੇ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ, ‘‘ਨਵੇਂ ਹਾਈ ਕਮਿਸ਼ਨਰ ਦੀ ਨਿਯੁਕਤੀ ਭਾਰਤ-ਕੈਨੇਡਾ ਸਬੰਧਾਂ ਵਿੱਚ ਨਵੀਂ ਊਰਜਾ ਲਿਆਏਗੀ। ਇਹ ਕਦਮ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ, ਦੁਵੱਲੇ ਸਹਿਯੋਗ ਨੂੰ ਡੂੰਘਾ ਕਰਨ ਅਤੇ ਕੈਨੇਡੀਅਨ ਨਾਗਰਿਕਾਂ ਲਈ ਸੇਵਾਵਾਂ ਬਹਾਲ ਕਰਨ ਵੱਲ ਮਹੱਤਵਪੂਰਨ ਹੈ।’’