Canada: ਕੈਨੇਡਾ ’ਚ ਰਹਿ ਰਹੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ
ਕੈਨੇਡਾ ਵਿਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਲਈ ਓਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਐਡਵਾਈਜ਼ਰੀ ਮੁਤਾਬਕ ਕੈਨੇਡਾ ਵਿੱਚ ਕੁਝ ਭਾਰਤੀ ਨਾਗਰਿਕਾਂ ਜਾਂ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉਨ੍ਹਾਂ ਦੇ ਕੈਨੇਡੀਅਨ ਵੀਜ਼ਾ, ਇਮੀਗ੍ਰੇਸ਼ਨ ਸਥਿਤੀ, ਨੌਕਰੀ ਦੀਆਂ ਪੇਸ਼ਕਸ਼ਾਂ, ਅਰਜ਼ੀ ਫ਼ੀਸਾਂ ਦੀ ਅਦਾਇਗੀ ਜਾਂ ਮੁੜ-ਭੁਗਤਾਨ ਬਾਰੇ ਕਾਲਾਂ, ਈ-ਮੇਲ਼ਾਂ ਆਦਿ ਮਿਲ ਰਹੀਆਂ ਹਨ, ਜਿਸ ਵਿੱਚ ਉਨ੍ਹਾਂ ’ਤੇ ਅਪਰਾਧ ਜਾ ਧੋਖਾਧੜੀ ਆਦਿ ਕਰਨ ਜਾਂ ਉਸ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਵਿਚ ਜ਼ਿਆਦਾਤਰ ਇੰਟਰਨੈਸ਼ਨਲ ਸਟੂਡੈਂਟਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
Advisory on Advisory on Scam/spoofed Telephone Calls/ Communications.@MEAIndia @IndianDiplomacy @diaspora_india@cgivancouver @IndiainToronto pic.twitter.com/b1R4A8Iwka
— India in Canada (@HCI_Ottawa) July 17, 2025
ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਕਈ ਵਾਰ ਕਾਲ ਕਰਨ ਵਾਲਿਆਂ ਜਾਂ ਈਮੇਲ ਭੇਜਣ ਵਾਲਿਆਂ ਨੇ ਖ਼ੁਦ ਨੂੰ ਟੋਰਾਂਟੋ ਜਾਂ ਵੈਨਕੂਵਰ ਸਥਿਤ ਭਾਰਤੀ ਹਾਈ ਕਮਿਸ਼ਨ, ਭਾਰਤ ਦੇ ਕੌਂਸੁਲੇਟ ਜਨਰਲ ਦੇ ਅਧਿਕਾਰੀ ਹੋਣ ਦਾ ਦਾਅਵਾ ਕੀਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਅਨਸਰ ਟੋਰਾਂਟੋ ਜਾਂ ਵੈਨਕੂਵਰ ਵਿੱਚ ਭਾਰਤ ਦੇ ਹਾਈ ਕਮਿਸ਼ਨ ਜਾਂ ਕੌਂਸੁਲੇਟ ਜਨਰਲ ਦੀ ਵੈੱਬਸਾਈਟ ’ਤੇ ਦਿੱਤੇ ਗਏ ਅਧਿਕਾਰਤ ਟੈਲੀਫ਼ੋਨ ਨੰਬਰਾਂ ਨੂੰ ਅਸਲੀ ਦਿਖਾਉਣ ਲਈ ਧੋਖਾਧੜੀ ਕਰਨ ਵਿਚ ਸਫਲ ਰਹੇ ਹਨ।
ਇਸ ਲਈ ਭਾਰਤੀਆਂ ਨੂੰ ਚੌਕਸ ਕੀਤਾ ਜਾਂਦਾ ਹੈ ਕਿ ਭਾਰਤੀ ਹਾਈ ਕਮਿਸ਼ਨ, ਟੋਰਾਂਟੋ ਵਿੱਚ ਭਾਰਤ ਦਾ ਕੌਂਸੁਲੇਟ ਜਨਰਲ ਜਾਂ ਵੈਨਕੂਵਰ ਵਿੱਚ ਭਾਰਤ ਦਾ ਕੌਂਸੁਲੇਟ ਜਨਰਲ ਉੱਪਰ ਦੱਸੇ ਗਏ ਮਾਮਲਿਆਂ ਨਾਲ ਸਬੰਧਤ ਨਹੀਂ ਹਨ। ਅਜਿਹੀਆਂ ਫ਼ੋਨ ਕਾਲਾਂ ਦੀ ਰਿਪੋਰਟ ਸਬੰਧਤ ਕਾਨੂੰਨ ਅਤੇ ਵਿਵਸਥਾ ਅਧਿਕਾਰੀਆਂ ਨੂੰ ਕੀਤੀ ਜਾ ਸਕਦੀ ਹੈ। ਜੇਕਰ ਕਾਲ ਕਰਨ ਵਾਲੇ ਦਾ ਨੰਬਰ ਭਾਰਤ ਤੋਂ ਆਉਂਦਾ ਹੈ ਤਾਂ ਘਟਨਾ ਸਬੰਧੀ ਸ਼ਿਕਾਇਤ ਦਰਜ ਕਰਨ ਲਈ https://www.cybercrime.gov.in ਦੀ ਵਰਤੋਂ ਕੀਤੀ ਜਾ ਸਕਦੀ ਹੈ।