ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਊਦੀ ਅਰਬ ’ਚ ਬੱਸ ਹਾਦਸਾ; 42 ਭਾਰਤੀ ਹਲਾਕ

ਮਦੀਨਾ ਨੇਡ਼ੇ ਬੱਸ ਨਾਲ ਟਕਰਾਇਆ ਤੇਲ ਟੈਂਕਰ; ਇਕ ਫੱਟਡ਼ ਹਸਪਤਾਲ ਦਾਖ਼ਲ; ਮ੍ਰਿਤਕਾਂ ’ਚੋਂ ਜ਼ਿਆਦਾਤਰ ਤਿਲੰਗਾਨਾ ਨਾਲ ਸਬੰਧਤ
ਹੈਦਰਾਬਾਦ ਵਿੱਚ ਟਰੈਵਲ ਏਜੰਸੀ ਦਫ਼ਤਰ ਦੇ ਬਾਹਰ ਇਕੱਠੇ ਹੋਏ ਹਾਦਸਾ ਪੀੜਤਾਂ ਦੇ ਪਰਿਵਾਰਕ ਮੈਂਬਰ। -ਫੋਟੋ: ਪੀਟੀਆਈ
Advertisement

ਸਾਊਦੀ ਅਰਬ ਦੇ ਸ਼ਹਿਰ ਮਦੀਨਾ ਨੇੜੇ ਸੋਮਵਾਰ ਵੱਡੇ ਤੜਕੇ ਵਾਪਰੇ ਬੱਸ ਹਾਦਸੇ ’ਚ 44 ਵਿਅਕਤੀ ਮਾਰੇ ਗਏ ਜਿਨ੍ਹਾਂ ’ਚੋਂ 42 ਭਾਰਤੀ ਹਨ। ਮ੍ਰਿਤਕਾਂ ’ਚ ਦੋ ਸਥਾਨਕ ਵਿਅਕਤੀ ਵੀ ਸ਼ਾਮਲ ਹਨ। ਇਕ ਫੱਟੜ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ’ਚੋਂ ਜ਼ਿਆਦਾਤਰ ਸ਼ਰਧਾਲੂ ਤਿਲੰਗਾਨਾ ਨਾਲ ਸਬੰਧਤ ਹਨ ਅਤੇ ਉਹ ਉਮਰਾ ਲਈ ਮੱਕੇ ਤੋਂ ਮਦੀਨਾ ਜਾ ਰਹੇ ਸਨ। ਹਾਦਸਾ ਸੋਮਵਾਰ ਵੱਡੇ ਤੜਕੇ ਕਰੀਬ ਡੇਢ ਵਜੇ ਉਸ ਸਮੇਂ ਵਾਪਰਿਆ ਜਦੋਂ ਸ਼ਰਧਾਲੂਆਂ ਨਾਲ ਭਰੀ ਬੱਸ ਸੜਕ ਦੇ ਇਕ ਪਾਸੇ ਖੜ੍ਹੀ ਸੀ ਅਤੇ ਤੇਲ ਟੈਂਕਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਕ ਵਿਅਕਤੀ ਨੇ ਕਿਹਾ ਕਿ ਟੱਕਰ ਹੁੰਦੇ ਸਾਰ ਜ਼ੋਰਦਾਰ ਧਮਾਕਾ ਹੋਇਆ। ਬੱਸ ਨੂੰ ਅੱਗ ਲੱਗ ਗਈ ਤੇ ਲੋਕ ਅੰਦਰ ਹੀ ਫਸ ਗਏ। ਦੇਹਾਂ ਦੀ ਪਛਾਣ ਕਰਨਾ ਵੀ ਮੁਸ਼ਕਲ ਹੈ ਕਿਉਂਕਿ ਲਾਸ਼ਾਂ ਸੜ ਚੁੱਕੀਆਂ ਹਨ। ਅਧਿਕਾਰੀਆਂ ਮੁਤਾਬਕ ਬੱਸ ’ਚ 18 ਪੁਰਸ਼, 18 ਔਰਤਾਂ ਅਤੇ 10 ਬੱਚੇ ਸਨ। ਸਾਊਦੀ ਅਰਬ ਦੇ ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਤਿਲੰਗਾਨਾ ਦੇ ਮੁੱਖ ਮੰਤਰੀ ਏ ਰੇਵੰਤ ਰੈੱਡੀ, ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ, ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦ-ਉਦ-ਦੀਨ ਓਵਾਇਸੀ ਅਤੇ ਹੋਰਾਂ ਨੇ ਹਾਦਸੇ ’ਤੇ ਦੁੱਖ ਜਤਾਇਆ ਹੈ। ਹੈਦਰਾਬਾਦ ਦੇ ਪੁਲੀਸ ਕਮਿਸ਼ਨਰ ਵੀ ਸੀ ਸੱਜਨਾਰ ਨੇ ਕਿਹਾ ਕਿ ਇਥੋਂ 54 ਵਿਅਕਤੀ 9 ਨਵੰਬਰ ਨੂੰ ਜਦਾਹ ਲਈ ਰਵਾਨਾ ਹੋਏ ਸਨ ਜਿਨ੍ਹਾਂ 23 ਨਵੰਬਰ ਨੂੰ ਵਤਨ ਪਰਤਣਾ ਸੀ। ਇਨ੍ਹਾਂ ’ਚੋਂ ਚਾਰ ਜਣੇ ਐਤਵਾਰ ਨੂੰ ਮਦੀਨਾ ਲਈ ਵੱਖਰੇ ਤੌਰ ’ਤੇ ਕਾਰ ਰਾਹੀਂ ਰਵਾਨਾ ਹੋਏ ਸਨ, ਚਾਰ ਹੋਰ ਮੱਕੇ ਹੀ ਰਹਿ ਗਏ ਸਨ। ਰਿਆਧ ਅਤੇ ਜਦਾਹ ਵਿੱਚ ਭਾਰਤੀ ਕੌਂਸੁਲੇਟ ਨੇ ਕੰਟਰੋਲ ਰੂਮ ਸਥਾਪਤ ਕੀਤਾ ਹੈ ਅਤੇ ਉਹ ਭਾਰਤੀਆਂ ਤੇ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰ ਰਹੇ ਹਨ।

Advertisement

ਸਾਊਦੀ ਅਰਬ ਜਾਵੇਗੀ ਟੀਮ, ਪੰਜ-ਪੰਜ ਲੱਖ ਮੁਆਵਜ਼ਾ ਐਲਾਨਿਆ

ਹੈਦਰਾਬਾਦ: ਤਿਲੰਗਾਨਾ ਸਰਕਾਰ ਨੇ ਘਟ ਗਿਣਤੀਆਂ ਦੀ ਭਲਾਈ ਮਾਮਲਿਆਂ ਬਾਰੇ ਮੰਤਰੀ ਮੁਹੰਮਦ ਅਜ਼ਹਰੂਦੀਨ ਦੀ ਅਗਵਾਈ ਹੇਠ ਇਕ ਟੀਮ ਸਾਊਦੀ ਅਰਬ ਭੇਜਣ ਦਾ ਫ਼ੈਸਲਾ ਲਿਆ ਹੈ। ਸਰਕਾਰ ਨੇ ਮ੍ਰਿਤਕਾਂ ਦੀਆਂ ਅੰਤਿਮ ਰਸਮਾਂ ਧਾਰਮਿਕ ਰਹੁ-ਰੀਤਾਂ ਨਾਲ ਸਾਊਦੀ ਅਰਬ ’ਚ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਹਰੇਕ ਪੀੜਤ ਦੇ ਨਜ਼ਦੀਕੀ ਨੂੰ ਪੰਜ-ਪੰਜ ਲੱਖ ਰੁਪਏ ਦੀ ਇਮਦਾਦ ਦਿੱਤੀ ਜਾਵੇਗੀ। ਸਰਕਾਰ ਨੇ ਕਿਹਾ ਕਿ ਪੀੜਤਾਂ ਦੇ ਹਰੇਕ ਪਰਿਵਾਰ ਦੇ ਦੋ-ਦੋ ਮੈਂਬਰਾਂ ਨੂੰ ਸਾਊਦੀ ਅਰਬ ਲਿਜਾਇਆ ਜਾਵੇਗਾ।

Advertisement
Show comments