BSF mobilises more troops ਬੀਐੱਸਐੱਫ ਵਲੋਂ ਪੰਜਾਬ ਤੇ ਜੰਮੂ ਵਿੱਚ ਪਾਕਿ ਸਰਹੱਦ ਨਾਲ ਲੱਗਦੀਆਂ ਇਕਾਈਆਂ ਵਿੱਚ ਹੋਰ ਫੌਜੀ ਤਾਇਨਾਤ ; 9 ‘ਰਣਨੀਤਕ’ ਹੈੱਡਕੁਆਰਟਰ ਬਣਾਏ
ਨਵੀਂ ਦਿੱਲੀ, 24 ਫਰਵਰੀ
ਬੀਐੱਸਐਫ ਨੇ ਘੁਸਪੈਠ ਵਿਰੋਧੀ ਗਰਿੱਡ ਨੂੰ ਮਜ਼ਬੂਤ ਕਰਨ ਅਤੇ ਡਰੋਨਾਂ ਜ਼ਰੀਏ ਗੋਲਾ ਬਾਰੂਦ ਜਾਂ ਨਸ਼ੀਲੇ ਪਦਾਰਥਾਂ ਦੀ ਘੁਸਪੈਠ ਨੂੰ ਰੋਕਣ ਦੇ ਆਪਣੇ ਉਪਰਾਲਿਆਂ ਦੀ ਕੜੀ ਵਿਚ ਪੰਜਾਬ ਅਤੇ ਜੰਮੂ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੀਆਂ ਚੌਕੀਆਂ ’ਤੇ ਵਾਧੂ ਮਨੁੱਖੀ ਸ਼ਕਤੀ ਦੀ ਲਾਮਬੰਦੀ ਦੇ ਹੁਕਮ ਦਿੱਤੇ ਹਨ।
ਸੂਤਰਾਂ ਨੇ ਖਬਰ ਏਜੰਸੀ ਨੂੰ ਦੱਸਿਆ ਕਿ ਚੰਡੀਗੜ੍ਹ ਸਥਿਤ ਬੀਐੱਸਐੱਫ ਦੀ ਪੱਛਮੀ ਕਮਾਂਡ ਨੇ ਇਨ੍ਹਾਂ ਦੋਵਾਂ ਖੇਤਰਾਂ ਵਿੱਚ ਮੋਰਚਿਆਂ ਦੇ ਨਾਲ-ਨਾਲ ਨੌਂ ‘ਰਣਨੀਤਕ’ ਹੈੱਡਕੁਆਰਟਰ ਸਥਾਪਤ ਕਰਨ ਦੇ ਹੁਕਮ ਵੀ ਦਿੱਤੇ ਹਨ, ਜਿੱਥੇ ਵੱਧ ਤੋਂ ਵੱਧ ਖੁਫੀਆ ਜਾਣਕਾਰੀ ਅਤੇ ਸੰਚਾਲਨ ਸਮੱਗਰੀ ਨੂੰ ਇੱਕ ਨਵੇਂ ਬਣਾਏ ਕੰਟਰੋਲ ਰੂਮ ਦੀ ਨਿਗਰਾਨੀ ਹੇਠ ਇਥੇ ‘ਤਬਦੀਲ’ ਕੀਤਾ ਜਾ ਰਿਹਾ ਹੈ।
ਇੱਕ ਰਣਨੀਤਕ ਜਾਂ ‘ਟੈਕ ਹੈੱਡਕੁਆਰਟਰ’ ਮੂਹਰਲਾ ਬੇਸ ਹੁੰਦਾ ਹੈ ਜੋ ਸਰਹੱਦ ਦੇ ਨੇੜੇ, ਸਰਹੱਦੀ ਚੌਕੀ ਨੇੜੇ ਅਤੇ ਪਿਛਲੇ ਪਾਸੇ ਬਟਾਲੀਅਨ ਬੇਸ ਤੋਂ ਅੱਗੇ ਹੁੰਦਾ ਹੈ। ਸੂਤਰਾਂ ਅਨੁਸਾਰ ‘ਟੈਕ ਹੈੱਡਕੁਆਰਟਰ’ ਵਿੱਚ ਸਾਰੇ ਵਰਟੀਕਲਾਂ ਤੋਂ ਇੱਕ ਸੀਨੀਅਰ ਕਮਾਂਡਰ ਦੀ ਮੌਜੂਦਗੀ ਸਣੇ ਬਟਾਲੀਅਨ ਦਾ ਕਮਾਂਡਿੰਗ ਅਫਸਰ (ਸੀਓ) ਵੀ ਸ਼ਾਮਲ ਹੋਵੇਗਾ ਜਿਸ ਦੀ ਯੂਨਿਟ ਇਨ੍ਹਾਂ ਕਮਜ਼ੋਰ ਸਰਹੱਦੀ ਚੌਕੀਆਂ ’ਤੇ ਤਾਇਨਾਤ ਹੈ।
ਉਨ੍ਹਾਂ ਕਿਹਾ ਕਿ ਬਟਾਲੀਅਨ ਹੈੱਡਕੁਆਰਟਰ ਤੋਂ ਇਨ੍ਹਾਂ ਦੋਵਾਂ ਖੇਤਰਾਂ ਵਿੱਚ ਸਰਹੱਦੀ ਸੁਰੱਖਿਆ ਯੂਨਿਟਾਂ ਨੂੰ ਤਬਦੀਲ ਕਰਨ ਤੋਂ ਬਾਅਦ ਸੁਰੱਖਿਆ ਬਲਾਂ ਦੀ ‘ਵੱਧ ਤੋਂ ਵੱਧ’ ਮਨੁੱਖੀ ਸ਼ਕਤੀ ਜੁਟਾਉਣ ਲਈ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ। -ਪੀਟੀਆਈ