ਬ੍ਰਿਸਬੇਨ: ਖੂਨਦਾਨ ਕੈਂਪ ’ਚ 60 ਯੂਨਿਟ ਖੂਨ ਇਕੱਠਾ
ਇੱਥੇ ‘ਮਾਝਾ ਯੂਥ ਕਲੱਬ ਬ੍ਰਿਸਬੇਨ’ ਵੱਲੋਂ ‘ਆਸਟਰੇਲੀਅਨ ਰੈੱਡ ਕਰਾਸ ਲਾਈਫਬਲੱਡ’ ਦੇ ਸਹਿਯੋਗ ਨਾਲ 7ਵਾਂ ਸਾਲਾਨਾ ਖੂਨਦਾਨ ਕੈਂਪ ਲਾਇਆ ਗਿਆ। ਸਪ੍ਰਿੰਗਵੁੱਡ ਡੋਨਰ ਸੈਂਟਰ ਵਿੱਚ ‘ਖੂਨਦਾਨ ਮਨੁੱਖਤਾ ਦੀ ਸੱਚੀ ਸੇਵਾ ਹੈ’ ਦੇ ਉਦੇਸ਼ ਤਹਿਤ ਲਾਏ ਗਏ ਇਸ ਕੈਂਪ ਵਿੱਚ ਵੱਖ-ਵੱਖ ਭਾਈਚਾਰਕ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ 60 ਯੂਨਿਟ ਖੂਨ ਇਕੱਠਾ ਹੋਇਆ। ਇਸ ਪ੍ਰੋਗਰਾਮ ਨੂੰ ਮਾਝਾ ਯੂਥ ਕਲੱਬ ਤੋਂ ਇਲਾਵਾ ਲੋਗਨ ਪੰਜਾਬੀ ਕਮਿਊਨਿਟੀ ਸਪੋਰਟਸ ਕਲੱਬ, ਆਸਟਰੇਲੀਅਨ ਪਾਕਿਸਤਾਨੀ ਨੈਸ਼ਨਲ ਐਸੋਸੀਏਸ਼ਨ, ਆਈ ਸੀ ਐੱਸ ਸੀ, ਲੇਖਕ ਸਭਾ ਬ੍ਰਿਸਬੇਨ ਅਤੇ ਇਪਸਾ ਗਰੁੱਪ ਵੱਲੋਂ ਸਹਿਯੋਗ ਦਿੱਤਾ ਗਿਆ।
ਪ੍ਰਬੰਧਕ ਬਲਰਾਜ ਸਿੰਘ, ਗੌਰਵ ਸਿੰਘ ਅਤੇ ਆਰ ਐੱਸ ਗਿੱਲ ਨੇ ਦੱਸਿਆ ਕਿ ਕੈਂਪ ਦਾ ਮੁੱਖ ਮਕਸਦ ਲੋਕਾਂ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਲੋੜ ਪੈਣ ’ਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਮਨਦੀਪ ਸਿੰਘ ਨੇ ਖੂਨਦਾਨ ਨੂੰ ਸਭ ਤੋਂ ਉੱਤਮ ਸੇਵਾ ਕਰਾਰ ਦਿੱਤਾ। ਇਸ ਕਾਰਜ ਨੂੰ ਪ੍ਰਬੰਧਕਾਂ ਵੱਲੋਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਸਮਰਪਿਤ ਕੀਤਾ ਗਿਆ।