ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬ੍ਰਿਕਸ ਸਿਖਰ ਸੰਮੇਲਨ ’ਚ ਪਹਿਲਗਾਮ ਦਹਿਸ਼ਤੀ ਹਮਲੇ ਦੀ ਨਿੰਦਾ

ਐਲਾਨਨਾਮੇ ’ਚ ਸੰਯੁਕਤ ਰਾਸ਼ਟਰ ਵੱਲੋਂ ਨਾਮਜ਼ਦ ਅਤਿਵਾਦੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਅਪੀਲ ਆਗੂਆਂ ਨੇ ਟਰੰਪ ਵੱਲੋਂ ਲਾਏ ਗਏ ਟੈਕਸਾਂ ’ਤੇ ਚਿੰਤਾ ਪ੍ਰਗਟਾਈ
Advertisement

ਉਬੀਰ ਨਕਸ਼ਬੰਦੀਰੀਓ ਡੀ ਜਨੇਰੀਓ, 6 ਜੁਲਾਈ

ਬ੍ਰਿਕਸ ਸਿਖਰ ਸੰਮੇਲਨ ’ਚ ਸ਼ਾਮਲ ਆਗੂਆਂ ਨੇ ਅੱਜ ਐਲਾਨਨਾਮਾ ਜਾਰੀ ਕਰਕੇ 22 ਅਪਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਜਿਸ ਵਿੱਚ 26 ਆਮ ਨਾਗਰਿਕ ਮਾਰੇ ਗਏ ਸਨ। ਐਲਾਨਨਾਮੇ ਵਿੱਚ ਕਿਹਾ ਗਿਆ, ‘‘ਅਸੀਂ 22 ਅਪਰੈਲ 2025 ਨੂੰ ਜੰਮੂ ਕਸ਼ਮੀਰ ਵਿੱਚ ਹੋਏ ਅਤਿਵਾਦੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਜਿਸ ’ਚ 26 ਵਿਅਕਤੀ ਮਾਰੇ ਗਏ ਸਨ। ਅਸੀਂ ਅਤਿਵਾਦੀਆਂ ਦੀ ਸਰਹੱਦ ਪਾਰੋਂ ਘੁਸਪੈਠ, ਉਨ੍ਹਾਂ ਨੂੰ ਫੰਡਿੰਗ ਅਤੇ ਸੁਰੱਖਿਅਤ ਪਨਾਹਗਾਹਾਂ ਸਮੇਤ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦਾ ਮੁਕਾਬਲਾ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਉਂਦੇ ਹਾਂ।’’ ਬ੍ਰਿਕਸ ਦੀ ਮੀਟਿੰਗ ਦੌਰਾਨ ਇਜ਼ਰਾਈਲ ਵੱਲੋਂ ਇਰਾਨ ’ਤੇ ਹਮਲਾ, ਗਾਜ਼ਾ ਵਿੱਚ ਮਾਨਵੀ ਸੰਕਟ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਗਾਏ ਗਏ ਟੈਕਸਾਂ ਸਮੇਤ ਹੋਰ ਮੁੱਦਿਆਂ ’ਤੇ ਚਰਚਾ ਹੋਈ। ਬ੍ਰਿਕਸ ਮੁਲਕਾਂ ਨੇ ਇਕਪਾਸੜ ਲਾਏ ਗਏ ਟੈਕਸਾਂ ’ਤੇ ਗੰਭੀਰ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਇਹ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਮੁਤਾਬਕ ਨਹੀਂ ਹਨ। ਬ੍ਰਿਕਸ ਨੇ ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ’ਚ ਸੁਧਾਰਾਂ ਲਈ ਹੁਣ ਤੱਕ ਦੀ ਸਭ ਤੋਂ ਸਖ਼ਤ ਭਾਸ਼ਾ ਅਪਣਾਈ ਅਤੇ ਐਲਾਨਨਾਮੇ ’ਚ ਕਿਹਾ ਕਿ ਇਸ ’ਚ ਵਿਕਾਸਸ਼ੀਲ ਮੁਲਕਾਂ ਦੀ ਨੁਮਾਇੰਦਗੀ ਵਧਾਈ ਜਾਵੇ।

Advertisement

ਐਲਾਨਨਾਮੇ ਵਿੱਚ ਅਤਿਵਾਦ ਨੂੰ ਬਰਦਾਸ਼ਤ ਨਾ ਕਰਨ ਅਤੇ ਉਸ ਦੇ ਟਾਕਰੇ ’ਚ ਦੋਹਰੇ ਮਾਪਦੰਡ ਅਪਣਾਏ ਜਾਣ ਦੀ ਨੀਤੀ ਨੂੰ ਰੱਦ ਕਰਨ ਦੀ ਵੀ ਅਪੀਲ ਕੀਤੀ ਗਈ ਹੈ ਪਰ ਇਸ ਵਿੱਚ ਪਾਕਿਸਤਾਨ ਦਾ ਨਾਮ ਨਹੀਂ ਲਿਆ ਗਿਆ ਹੈ ਜਿਸ ਨੂੰ ਭਾਰਤ ਲਗਾਤਾਰ ਅਤਿਵਾਦ ਫੈਲਾਉਣ ਲਈ ਜ਼ਿੰਮੇਵਾਰ ਠਹਿਰਾਉਂਦਾ ਆ ਰਿਹਾ ਹੈ। ਭਾਰਤ ਲਗਾਤਾਰ ਕਹਿੰਦਾ ਆ ਰਿਹਾ ਹੈ ਕਿ ਪਾਕਿਸਤਾਨ ਅਤਿਵਾਦੀਆਂ ਨੂੰ ਪਨਾਹ ਦੇ ਰਿਹਾ ਹੈ ਅਤੇ ਉਨ੍ਹਾਂ ਨੂੰ ਨਵੀਂ ਦਿੱਲੀ ਵਿਰੁੱਧ ਹਮਲੇ ਕਰਨ ਲਈ ਹਰ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਵਾਉਂਦਾ ਰਿਹਾ ਹੈ। ਬ੍ਰਿਕਸ ਮੁਲਕਾਂ ਨੇ ਸੰਯੁਕਤ ਰਾਸ਼ਟਰ ਦੇ ਢਾਂਚੇ ਵਿੱਚ ਕੌਮਾਂਤਰੀ ਅਤਿਵਾਦ ਬਾਰੇ ਵਿਆਪਕ ਕਨਵੈਨਸ਼ਨ ਨੂੰ ਜਲਦੀ ਤੋਂ ਜਲਦੀ ਅੰਤਿਮ ਰੂਪ ਦੇਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਸੰਯੁਕਤ ਰਾਸ਼ਟਰ ਵੱਲੋਂ ਨਾਮਜ਼ਦ ਸਾਰੇ ਅਤਿਵਾਦੀਆਂ ਅਤੇ ਦਹਿਸ਼ਤੀ ਜਥੇਬੰਦੀਆਂ ਵਿਰੁੱਧ ਪੁਖ਼ਤਾ ਕਾਰਵਾਈ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ 26 ਜੂਨ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਮੀਟਿੰਗ ਦੌਰਾਨ ਸਾਂਝੇ ਐਲਾਨਨਾਮੇ ’ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਦਸਤਾਵੇਜ਼ ਵਿੱਚ ਪਹਿਲਗਾਮ ਅਤਿਵਾਦੀ ਹਮਲੇ ਦਾ ਜ਼ਿਕਰ ਨਹੀਂ ਸੀ। ਬਾਅਦ ਵਿੱਚ 2 ਜੁਲਾਈ ਨੂੰ ਕੁਆਡ ਦੇ ਵਿਦੇਸ਼ ਮੰਤਰੀਆਂ ਨੇ ਪਹਿਲਗਾਮ ਅਤਿਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਸੀ।

ਬ੍ਰਿਕਸ ਤਾਕਤਵਰ ਗੁੱਟ ਬਣਿਆ: ਮੋਦੀ

ਬ੍ਰਿਕਸ ਸੰਮੇਲਨ ’ਚ ਹਿੱਸਾ ਲੈਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘‘ਬ੍ਰਿਕਸ ਆਰਥਿਕ ਸਹਿਯੋਗ ਅਤੇ ਵਿਸ਼ਵ ਭਲਾਈ ਲਈ ਇਕ ਤਾਕਤਵਰ ਗੁੱਟ ਬਣ ਗਿਆ ਹੈ।’’ ਮੋਦੀ ਦੋ ਰੋਜ਼ਾ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਕੱਲ੍ਹ ਦੇਰ ਰਾਤ ਰੀਓ ਡੀ ਜਨੇਰੀਓ ਪਹੁੰਚੇ ਸਨ। ਉਨ੍ਹਾਂ ਇਸ ਸਾਲ ਰੀਓ ਡੀ ਜਨੇਰੋ ਵਿੱਚ ਬ੍ਰਿਕਸ ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਦਾ ਧੰਨਵਾਦ ਕੀਤਾ।

ਜਿਨਪਿੰਗ ਤੇ ਪੂਤਿਨ ਗੈਰਹਾਜ਼ਰ

ਬ੍ਰਿਕਸ ਸਿਖਰ ਸੰਮੇਲਨ ’ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਹਿੱਸਾ ਨਹੀਂ ਲੈ ਰਹੇ ਹਨ।ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ‘ਗਲੋਬਲ ਸਾਊਥ’ ਅਕਸਰ ਦੋਹਰੇ ਮਾਪਦੰਡਾਂ ਦਾ ਸ਼ਿਕਾਰ ਹੋਇਆ ਅਤੇ ਆਲਮੀ ਅਰਥਚਾਰੇ ’ਚ ਅਹਿਮ ਯੋਗਦਾਨ ਦੇਣ ਵਾਲੇ ਮੁਲਕਾਂ ਨੂੰ ਫ਼ੈਸਲੇ ਲੈਣ ਵਾਲੇ ਮੰਚਾਂ ’ਤੇ ਥਾਂ ਨਹੀਂ ਮਿਲਦੀ ਹੈ। ਉਨ੍ਹਾਂ ਸਲਾਮਤੀ ਕੌਂਸਲ ਸਮੇਤ ਪ੍ਰਮੁੱਖ ਆਲਮੀ ਅਦਾਰਿਆਂ ’ਚ ਫੌਰੀ ਸੁਧਾਰ ’ਤੇ ਵੀ ਜ਼ੋਰ ਦਿੱਤਾ। ‘ਗਲੋਬਲ ਸਾਊਥ’ ਦੀ ਵਕਾਲਤ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਬਿਨਾਂ ਇਹ ਸੰਸਥਾਵਾਂ ਅਜਿਹੇ ਮੋਬਾਈਲ ਫੋਨ ਵਾਂਗ ਲਗਦੀਆਂ ਹਨ ਜਿਨ੍ਹਾਂ ਅੰਦਰ ਸਿਮ ਕਾਰਡ ਤਾਂ ਹੁੰਦਾ ਹੈ ਪਰ ਨੈੱਟਵਰਕ ਨਹੀਂ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਅਫ਼ਸੋਸ ਜਤਾਇਆ ਕਿ ਜਲਵਾਯੂ, ਵਿੱਤ, ਸਥਾਈ ਵਿਕਾਸ ਅਤੇ ਤਕਨਾਲੋਜੀ ਤੱਕ ਪਹੁੰਚ ਜਿਹੇ ਮੁੱਦਿਆਂ ’ਤੇ ‘ਗਲੋਬਲ ਸਾਊਥ’ ਨੂੰ ਸਿਰਫ਼ ਭਰੋਸੇ ਤੋਂ ਇਲਾਵਾ ਕੁਝ ਵੀ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਬ੍ਰਿਕਸ ਦੇ ਵਿਸਥਾਰ ਤੋਂ ਸਾਬਤ ਹੁੰਦਾ ਹੈ ਕਿ ਉਹ ਖੁਦ ਨੂੰ ਬਦਲਣ ਦੀ ਸਮਰੱਥਾ ਰਖਦਾ ਹੈ। ਮੋਦੀ ਨੇ ਕਿਹਾ, ‘‘21ਵੀਂ ਸਦੀ ਦੇ ਸਾਫਟਵੇਅਰ ਨੂੰ 20ਵੀਂ ਸਦੀ ਦੇ ਟਾਈਪਰਾਈਟਰ ਨਾਲ ਨਹੀਂ ਚਲਾਇਆ ਜਾ ਸਕਦਾ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਨੇ ਹਮੇਸ਼ਾ ਆਪਣੇ ਹਿੱਤਾਂ ਤੋਂ ਉਪਰ ਉੱਠ ਕੇ ਮਾਨਵ ਜਾਤੀ ਦੇ ਹਿੱਤ ’ਚ ਕੰਮ ਕਰਨ ਨੂੰ ਆਪਣਾ ਫਰਜ਼ ਸਮਝਿਆ ਹੈ।

 

 

Advertisement