ਪੀਲ ਪੁਲੀਸ ਨੇ ਬਰੈਂਪਟਨ ਰਹਿੰਦੇ ਦੋ ਭਾਰਤੀਆਂ ਨੂੰ ਨਸ਼ੇ ਦੀ ਖੇਪ ਤੇ ਚੋਰੀ ਦੇ ਸਾਮਾਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੇ ਸਾਮਾਨ ਦੀ ਕੁੱਲ ਕੀਮਤ ਦੋ ਲੱਖ ਡਾਲਰ (ਸਵਾ ਕਰੋੜ ਰੁਪਏ) ਦੇ ਕਰੀਬ ਬਣਦੀ ਹੈ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਮਾਂਗਟ (26) ਅਤੇ ਪਰਵੀਨ ਗਿੱਲ (40) ਵਜੋਂ ਹੋਈ ਹੈ।
ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਬਰੈਂਪਟਨ ਦੇ ਇੱਕ ਘਰ ’ਚ ਨਸ਼ਿਆਂ ਦੀ ਖੇਪ ਅਤੇ ਚੋਰੀ ਕੀਤਾ ਸਾਮਾਨ ਪਏ ਹੋਣ ਦੀ ਸੂਚਨਾ ਮਿਲੀ ਸੀ। ਅਦਾਲਤ ’ਚੋਂ ਵਰੰਟ ਲੈ ਕੇ ਉਨ੍ਹਾਂ ਘਰ ਦੀ ਤਲਾਸ਼ੀ ਲਈ ਤਾਂ ਉਥੋਂ ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਮੈਥਾਫੈਟਮਾਈਨ ਦੀ ਖੇਪ ਬਰਾਮਦ ਹੋਈ, ਜਿਸ ਨੂੰ ਬਾਜ਼ਾਰ ’ਚ ਵੇਚਿਆ ਜਾਣਾ ਸੀ। ਘਰ ਦੀ ਤਲਾਸ਼ੀ ਦੌਰਾਨ ਉੱਥੋਂ ਸੈਂਕੜਿਆਂ ਦੀ ਗਿਣਤੀ ਵਿੱਚ ਅਜਿਹਾ ਸਾਮਾਨ ਮਿਲਿਆ, ਜਿਸ ਦੀ ਖਰੀਦ ਦਾ ਮੁਲਜ਼ਮ ਕੋਈ ਸਬੂਤ ਨਾ ਦੇ ਸਕੇ ਤੇ ਪੁੱਛ-ਪੜਤਾਲ ਦੌਰਾਨ ਮੰਨ ਗਏ ਕਿ ਉਹ ਲੰਮੇ ਸਮੇਂ ਤੋਂ ਚੋਰੀਆਂ ਵੀ ਕਰਦੇ ਸਨ। ਪੁਲੀਸ ਨੇ ਨਸ਼ੇ ਅਤੇ ਚੋਰੀ ਕੀਤੇ ਸਮਾਨ ਦੀ ਬਾਜ਼ਾਰੀ ਕੀਮਤ ਦੋ ਲੱਖ ਡਾਲਰ (ਸਵਾ ਕਰੋੜ ਰੁਪਏ) ਦੇ ਕਰੀਬ ਦੱਸੀ ਹੈ। ਪੁਲੀਸ ਨੇ ਮਸ਼ਕੂਕਾਂ ਦੀਆਂ ਤਸਵੀਰਾਂ ਤਾਂ ਜਾਰੀ ਨਹੀਂ ਕੀਤੀਆਂ, ਪਰ ਉਨ੍ਹਾਂ ਤੋਂ ਬਰਾਮਦ ਸਾਮਾਨ ਦੀਆਂ ਤਸਵੀਰਾਂ ਜ਼ਰੂਰ ਨਸ਼ਰ ਕੀਤੀਆਂ ਹਨ। ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਫੋਰਟ ਸੇਂਟ ਜੌਹਨ ਪੁਲੀਸ ਨੇ ਇੱਕ ਘਰ ’ਚੋਂ ਵੱਡੀ ਮਾਤਰਾ ਵਿੱਚ ਨਸ਼ਾ ਬਰਾਮਦ ਕਰਕੇ 42 ਤੇ 49 ਸਾਲਾਂ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।