‘ਬ੍ਰਾਹਮਣ’ ਭਾਰਤੀ ਜਨਤਾ ਦੀ ਕੀਮਤ ’ਤੇ ਮੁਨਾਫਾਖੋਰੀ ਕਰ ਰਹੇ: ਨਵਾਰੋ
ਰੂਸ ਤੋਂ ਤੇਲ ਦੀ ਖਰੀਦ ਨੂੰ ਲੈ ਕੇ ਭਾਰਤ ’ਤੇ ਇੱਕ ਵਾਰ ਫਿਰ ਨਿਸ਼ਾਨੇ ਸੇਧਦਿਆਂ ਅਮਰੀਕਾ ਦੇ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼ ਤੇ ਦਫ਼ਤਰ ‘ਵ੍ਹਾਈਟ ਹਾਊਸ’ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਨੇ ਕਿਹਾ ਕਿ ‘ਬ੍ਰਾਹਮਣ’ ਭਾਰਤੀ ਜਨਤਾ ਦੀ ਕੀਮਤ ’ਤੇ ਮੁਨਾਫਾਖੋਰੀ ਕਰ ਰਹੇ ਹਨ ਤੇ ਇਸ ਨੂੰ ‘ਰੋਕਣ’ ਦੀ ਲੋੜ ਹੈ।
ਨਵਾਰੋ ਨੇ ਫੌਕਸ ਨਿਊਜ਼ ਸੰਡੇ ਨਾਲ ਇੱਕ ਇੰਟਰਵਿਊ ’ਚ ਕਿਹਾ, ‘ਦੇਖੋ (ਪ੍ਰਧਾਨ ਮੰਤਰੀ) ਮੋਦੀ ਇੱਕ ਮਹਾਨ ਨੇਤਾ ਹਨ।’ ਉਨ੍ਹਾਂ ਕਿਹਾ ਕਿ ਮੋਦੀ ਦੁਨੀਆ ਦੇ ਸਭ ਤੋਂ ਵੱਡੇ ਜਮਹੂਰੀ ਦੇਸ਼ ਦੇ ਨੇਤਾ ਹਨ ਅਤੇ ਉਨ੍ਹਾਂ ਨੂੰ ‘ਸਮਝ ਨਹੀਂ ਆਉਂਦੀ ਕਿ ਭਾਰਤੀ ਨੇਤਾ ਕਿਸ ਤਰ੍ਹਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਸਹਿਯੋਗ ਕਰ ਰਹੇ ਹਨ।’
ਭਾਰਤ ਨੇ ਰੂਸੀ ਤੇਲ ਤੋਂ ਕਦੀ ਫਾਇਦਾ ਨਹੀਂ ਚੁੱਕਿਆ: ਪੁਰੀ
ਨਵੀਂ ਦਿੱਲੀ: ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ਨੇ ਰੂਸੀ ਤੇਲ ਖਰੀਦਣ ’ਚ ਕਿਸੇ ਵੀ ਨਿਯਮ ਦੀ ਉਲੰਘਣਾ ਨਹੀਂ ਕੀਤੀ ਹੈ ਬਲਕਿ ਯੂਕਰੇਨ ਜੰਗ ਮਗਰੋਂ ਉਸ ਦੇ ਊਰਜਾ ਵਪਾਰ ਨੇ ਆਲਮੀ ਬਾਜ਼ਾਰਾਂ ਨੂੰ ਸਥਿਰ ਕਰਨ ਤੇ ਕੀਮਤਾਂ ਨੂੰ ਕੰਟਰੋਲ ਹੇਠ ਰੱਖਣ ’ਚ ਮਦਦ ਕੀਤੀ ਹੈ। ਵ੍ਹਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਵੱਲੋਂ ਭਾਰਤ ਬਾਰੇ ਕੀਤੀ ਗਈ ਟਿੱਪਣੀ ਖਾਰਜ ਕਰਦਿਆਂ ਪੁਰੀ ਨੇ ਕਿਹਾ ਕਿ ਭਾਰਤ ਲੰਮੇ ਸਮੇਂ ਤੋਂ ਅਤੇ ਫਰਵਰੀ 2022 ’ਚ ਰੂਸ ਦੇ ਯੂਕਰੇਨ ’ਤੇ ਹਮਲੇ ਤੋਂ ਬਹੁਤ ਪਹਿਲਾਂ ਤੋਂ ਪੈਟਰੋਲੀਅਮ ਉਤਪਾਦਾਂ ਦਾ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਬਰਾਮਦਕਾਰ ਰਿਹਾ ਹੈ।