DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੰਬ ਵਾਲਾ ਬਿਆਨ: ਦੋ ਪੁਲੀਸ ਅਧਿਕਾਰੀਆਂ ਵੱਲੋਂ ਪ੍ਰਤਾਪ ਸਿੰਘ ਬਾਜਵਾ ਤੋਂ ਚੰਡੀਗੜ੍ਹ ਵਿਚਲੀ ਰਿਹਾਇਸ਼ ਉੱਤੇ ਪੁੱਛ-ਪੜਤਾਲ

ਬਾਜਵਾ ਨੇ ਦੋ ਦਿਨ ਪਹਿਲਾਂ ਜਾਣਕਾਰੀ ਦੇਣ ਵਾਲੇ ਕੁਝ ਸੀਨੀਅਰ ਅਧਿਕਾਰੀਆਂ ਦੇ ਨਾਮ ਦੱਸਣ ਤੋਂ ਇਨਕਾਰ ਕੀਤਾ
  • fb
  • twitter
  • whatsapp
  • whatsapp
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 13 ਅਪਰੈਲ

Advertisement

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਲੰਘੇ ਦਿਨ ਨਿੱਜੀ ਚੈਨਲ ਉੱਤੇ ਬੰਬ ਬਾਰੇ ਦਿੱਤੇ ਬਿਆਨ ਤੋਂ ਬਾਅਦ ਅੱਜ ਪੰਜਾਬ ਪੁਲੀਸ ਦੇ ਦੋ ਅਧਿਕਾਰੀਆਂ ਨੇ ਬਾਜਵਾ ਤੋਂ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਚ ਪੁੱਛ ਪੜਤਾਲ ਕੀਤੀ ਹੈ। ਇਨ੍ਹਾਂ ਪੁਲੀਸ ਅਧਿਕਾਰੀਆਂ ਨੇ ਬਾਜਵਾ ਤੋਂ ਬੰਬ ਵਾਲੇ ਬਿਆਨ ਬਾਰੇ ਸਵਾਲ ਜਵਾਬ ਕੀਤੇ ਅਤੇ ਸੂਤਰਾਂ ਬਾਰੇ ਜਾਣਕਾਰੀ ਮੰਗੀ ਹੈ। ਦੋਵੇਂ ਪੁਲੀਸ ਅਧਿਕਾਰੀ ਕੁਝ ਸਮਾਂ ਪੁੱਛ-ਪੜਤਾਲ ਕਰਨ ਤੋਂ ਬਾਅਦ ਚਲੇ ਗਏ।

ਪ੍ਰਤਾਪ ਸਿੰਘ ਬਾਜਵਾ ਨੇ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਘਰ ਦੋ ਪੁਲੀਸ ਅਧਿਕਾਰੀ ਪੁੱਛਗਿੱਛ ਲਈ ਆਏ ਸਨ, ਜਿਨ੍ਹਾਂ ਨਾਲ ਉਨ੍ਹਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਬਾਜਵਾ ਨੇ ਕਿਹਾ ਕਿ ਪੁਲੀਸ ਵੱਲੋਂ ਇਹ ਜਾਣਕਾਰੀ ਦੇਣ ਵਾਲੇ ਸੂਤਰਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਨਾਮ ਦੱਸਣ ਤੋਂ ਜ਼ਰੂਰ ਇਨਕਾਰ ਕੀਤਾ ਹੈ। ਬਾਜਵਾ ਨੇ ਮੰਨਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਦੋ ਦਿਨ ਪਹਿਲਾਂ ਕੁਝ ਸੀਨੀਅਰ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ, ਜਿਨ੍ਹਾਂ ਦਾ ਨਾਮ ਜਨਤਕ ਨਹੀਂ ਕੀਤਾ ਜਾ ਸਕਦਾ। ਬਾਜਵਾ ਨੇ ਦੱਸਿਆ, ‘‘ਉਕਤ ਅਧਿਕਾਰੀਆਂ ਨੇ ਮੈਨੂੰ ਕਿਹਾ ਕਿ ਪੰਜਾਬ ਵਿੱਚ ਹਾਲਾਤ ਲਗਾਤਾਰ ਵਿਗੜ ਰਹੇ ਹਨ ਅਤੇ ਸਰਕਾਰ ਦੇ ਹੱਥ ਵੱਸ ਕੁਝ ਨਹੀਂ ਹੈ। ਤੁਸੀਂ ਅਤਿਵਾਦ ਪੀੜਤ ਪਰਿਵਾਰ ਨਾਲ ਸਬੰਧਤ ਹੋ, ਤੁਹਾਨੂੰ ਚੌਕਸ ਰਹਿਣ ਦੀ ਲੋੜ ਹੈ।’’ ਬਾਜਵਾ ਨੇ ਕਿਹਾ ਕਿ ਉਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਪੰਜਾਬ ਦੇ ਹਿੱਤਾਂ ਲਈ ਜੋ ਵੀ ਮਦਦ ਹੋ ਸਕੇਗੀ, ਉਹ ਜ਼ਰੂਰ ਕਰਨਗੇ।

ਬਾਜਵਾ ਨੇ ਬੰਬ ਵਾਲੇ ਬਿਆਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ: ਏਆਈਜੀ ਕਾਊਂਟਰ ਇੰਟੈਲੀਜੈਂਸ
ਏਆਈਜੀ ਕਾਊਂਟਰ ਇੰਟੈਲੀਜੈਂਸ ਰਵਜੋਤ ਕੌਰ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ।
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਘਰ ਪੁੱਛਗਿਛ ਕਰਕੇ ਆਉਣ ਵਾਲੀ ਏਆਈਜੀ ਕਾਊਂਟਰ ਇੰਟੈਲੀਜੈਂਸ ਰਵਜੋਤ ਕੌਰ ਗਰੇਵਾਲ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਬੰਬ ਵਾਲੇ ਬਿਆਨ ਬਾਰੇ ਉਨ੍ਹਾਂ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਲੰਘੇ ਦਿਨ ਇੱਕ ਬਿਆਨ ਵਿੱਚ ਕਿਹਾ ਸੀ ਕਿ ਪੰਜਾਬ ਵਿੱਚ 50 ਹੈਂਡ ਗ੍ਰਨੇਡ (ਹਥਗੋਲੇ) ਆਏ ਹਨ ਜਿਸ ਵਿੱਚੋਂ 32 ਅਜੇ ਅਣਚੱਲੇ ਹਨ। ਇਹ ਬਹੁਤ ਹੀ ਗੰਭੀਰ ਅਤੇ ਦੇਸ਼ ਦੀ ਸੁਰੱਖਿਆ ਨਾਲ ਜੁੜੀ ਹੋਈ ਗੱਲ ਹੈ, ਜਿਸ ਕਰਕੇ ਅੱਜ ਉਹ ਬਾਜਵਾ ਤੋਂ ਬੰਬ ਵਾਲੇ ਬਿਆਨ ਦੇ ਸੂਤਰਾਂ ਬਾਰੇ ਪੁੱਛਗਿਛ ਲਈ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਪ੍ਰਤਾਪ ਸਿੰਘ ਬਾਜਵਾ ਤੋਂ ਸਿੱਧੇ ਤੌਰ ਤੇ ਸਵਾਲ ਪੁੱਛਿਆ ਕਿ ਇਸ ਬਿਆਨ ਦਾ ਸੂਤਰ ਕੀ ਹੈ ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਏਆਈਜੀ ਕਾਊਂਟਰ ਇੰਟੈਲੀਜੈਂਸ ਨੇ ਕਿਹਾ ਕਿ ਪੰਜਾਬ ਪੁਲੀਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਕੇ ਰਹੇਗੀ।
Advertisement
×