Bomb threat ਨਿਊ ਯਾਰਕ ਜਾ ਰਹੀ ਏਅਰ ਇੰਡੀਆ ਦੀ ਉਡਾਣ ਮੁੰਬਈ ਪਰਤੀ
ਨਵੀਂ ਦਿੱਲੀ, 10 ਮਾਰਚ
ਏਅਰ ਇੰਡੀਆ ਦੀ ਮੁੰਬਈ ਤੋਂ ਨਿਊ ਯਾਰਕ ਜਾ ਰਹੀ ਉਡਾਣ ਬੰਬ ਦੀ ਧਮਕੀ ਮਿਲਣ ਮਗਰੋਂ ਸੋਮਵਾਰ ਸਵੇਰੇ ਮੁੰਬਈ ਪਰਤ ਆਈ ਹੈ। ਜਹਾਜ਼ ਵਿਚ 320 ਤੋਂ ਵਧ ਵਿਅਕਤੀ ਸਵਾਰ ਸਨ। ਉਡਾਣ ਦੇ ਮੁੰਬਈ ਹਵਾਈ ਅੱਡੇ ’ਤੇ ਸੁਰੱਖਿਅਤ ਉਤਰਨ ਮਗਰੋਂ ਸੁਰੱਖਿਆ ਏਜੰਸੀਆਂ ਵੱਲੋਂ ਨੇਮਾਂ ਮੁਤਾਬਕ ਜਹਾਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।
ਏਅਰ ਇੰਡੀਆ ਨੇ ਇਕ ਬਿਆਨ ਵਿਚ ਕਿਹਾ, ‘‘ਏਅਰ ਇੰਡੀਆ ਦੀ ਮੁੰਬਈ ਤੋਂ ਨਿਊ ਯਾਰਕ (ਜੇਐਫਕੇ) ਜਾ ਰਹੀ ਉਡਾਣ ਏਆਈ119 ਜਦੋਂ ਹਵਾ ਵਿਚ ਸੀ ਤਾਂ ਸੰਭਾਵੀ ਸੁਰੱਖਿਆ ਖ਼ਤਰੇ ਬਾਰੇ ਪਤਾ ਲੱਗਾ।
ਲੋੜੀਂਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜਹਾਜ਼ ’ਤੇ ਸਵਾਰ ਯਾਤਰੀਆਂ ਤੇ ਹੋਰ ਅਮਲੇ ਦੀ ਸੁਰੱਖਿਆ ਦੇ ਮੱਦੇਨਜ਼ਰ ਏਅਰ ਇੰਡੀਆ ਦੀ ਉਡਾਣ ਮੁੰਬਈ ਪਰਤ ਆਈ ਹੈ।’’
ਸੂਤਰਾਂ ਨੇ ਕਿਹਾ ਕਿ ਬੰਬ ਦੀ ਧਮਕੀ ਮਿਲੀ ਸੀ ਤੇ ਜਹਾਜ਼ ਦੇ ਇਕ ਪਖਾਨੇ ’ਚੋਂ ਇਕ ਨੋਟ ਵੀ ਮਿਲਿਆ ਸੀ। ਸੂਤਰਾਂ ਵਿਚੋਂ ਇਕ ਨੇ ਕਿਹਾ ਕਿ ਜਹਾਜ਼ ’ਤੇ 322 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿਚ 19 ਅਮਲੇ ਦੇ ਮੈਂਬਰ ਸਨ।
ਏਅਰਲਾਈਨ ਮੁਤਾਬਕ ਜਹਾਜ਼ ਸਥਾਨਕ ਸਮੇਂ ਮੁਤਾਬਕ 10:25 ਵਜੇਂ ਮੁੰਬਈ ਵਿਚ ਸੁਰੱਖਿਅਤ ਉਤਰ ਗਿਆ। ਜਹਾਜ਼ ਹੁਣ 11 ਮਾਰਚ ਨੂੰ ਸਵੇਰੇ ਪੰਜ ਵਜੇ ਉਡਾਣ ਭਰੇਗਾ। ਸਾਰੇ ਯਾਤਰੀਆਂ ਨੂੰ ਹੋਟਲ ਵਿਚ ਠਹਿਰ, ਭੋਜਨ ਤੋ ਹੋਰ ਸਹਾਇਤਾ ਦੀ ਪੇਸ਼ਕਸ਼ ਕੀਤੀ ਗਈ ਹੈ। -ਪੀਟੀਆਈ