Bengaluru stampede case: ਹਾਈ ਕੋਰਟ ਨੇ ਬੰਗਲੂਰੂ ਭਗਦੜ ਮਾਮਲੇ ’ਚ RCB ਅਧਿਕਾਰੀ ਨੂੰ ਨਾ ਦਿੱਤੀ ਅੰਤਰਿਮ ਰਾਹਤ
Karnataka HC denies interim relief to RCB official in Bengaluru stampede case
ਬੰਗਲੂਰੂ, 10 ਜੂਨ
ਕਰਨਾਟਕ ਹਾਈ ਕੋਰਟ (Karnataka High Court) ਨੇ ਮੰਗਲਵਾਰ ਨੂੰ ਰਾਇਲ ਚੈਲੇਂਜਰਜ਼ ਬੰਗਲੁਰੂ (Royal Challengers Bengaluru - RCB) ਦੇ ਮਾਰਕੀਟਿੰਗ ਮੁਖੀ ਨਿਖਿਲ ਸੋਸਾਲੇ ਨੂੰ 4 ਜੂਨ ਨੂੰ ਸਟੇਡੀਅਮ ਵਿੱਚ ਹੋਈ ਭਗਦੜ ਦੇ ਮਾਮਲੇ ਵਿੱਚ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਐਮ ਚਿੰਨਾਸਵਾਮੀ ਸਟੇਡੀਅਮ ਵਿਚ ਵਾਪਰੀ ਭਗਦੜ ਦੀ ਇਸ ਘਟਨਾ ਵਿੱਚ 11 ਲੋਕਾਂ ਦੀ ਮੌਤ ਹੋ ਗਈ ਸੀ।
ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ 'ਤੇ 11 ਜੂਨ ਤੱਕ ਆਪਣਾ ਫੈਸਲਾ ਵੀ ਰਾਖਵਾਂ ਰੱਖ ਲਿਆ ਹੈ। ਸੋਸਾਲੇ ਨੂੰ 6 ਜੂਨ ਨੂੰ ਬੰਗਲੁਰੂ ਦੇ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ 'ਤੇ ਕੇਂਦਰੀ ਅਪਰਾਧ ਸ਼ਾਖਾ ਨੇ ਗ੍ਰਿਫ਼ਤਾਰ ਕੀਤਾ ਸੀ, ਜਦੋਂ ਉਹ ਦੁਬਈ ਲਈ ਰਵਾਨਾ ਹੋਣ ਵਾਲਾ ਸੀ।
ਆਪਣੀ ਪਟੀਸ਼ਨ ਵਿੱਚ, ਸੋਸਾਲੇ ਨੇ 6 ਜੂਨ ਨੂੰ ਸਵੇਰੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਕਾਨੂੰਨੀ ਵਾਜਬੀਅਤ 'ਤੇ ਸਵਾਲ ਉਠਾਏ। ਉਨ੍ਹਾਂ ਦੋਸ਼ ਲਗਾਇਆ ਕਿ ਪੁਲੀਸ ਕਾਰਵਾਈ ਸਿਆਸੀ ਹਿੱਤਾਂ ਤੋਂ ਪ੍ਰਭਾਵਿਤ ਸੀ।
ਜਸਟਿਸ ਐਸ.ਆਰ. ਕ੍ਰਿਸ਼ਨਾ ਕੁਮਾਰ ਦੀ ਸਿੰਗਲ-ਜੱਜ ਬੈਂਚ ਨੇ ਅੰਤਰਿਮ ਹੁਕਮ ਸੁਣਾਉਣ ਦਾ ਫੈਸਲਾ ਕਰਨ ਤੋਂ ਪਹਿਲਾਂ ਬੀਤੇ ਦਿਨ ਸੋਸਾਲੇ ਦੇ ਵਕੀਲ ਅਤੇ ਰਾਜ ਦੋਵਾਂ ਦੀਆਂ ਦਲੀਲਾਂ ਸੁਣੀਆਂ। ਸੋਸਾਲੇ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਐਸ ਚੌਟਾ ਨੇ ਦਲੀਲ ਦਿੱਤੀ ਕਿ ਗ੍ਰਿਫ਼ਤਾਰੀ ਪ੍ਰਕਿਰਿਆ ਦੀ ਉਲੰਘਣਾ ਕਰਕੇ ਕੀਤੀ ਗਈ ਸੀ, ਖਾਸ ਕਰਕੇ ਇਸ ਕਾਰਨ ਕਿ ਜਾਂਚ ਪਹਿਲਾਂ ਹੀ ਅਪਰਾਧਿਕ ਜਾਂਚ ਵਿਭਾਗ (ਸੀਆਈਡੀ) ਨੂੰ ਤਬਦੀਲ ਕਰ ਦਿੱਤੀ ਗਈ ਹੈ।
ਰਿਆਸਤ/ਸਟੇਟ ਵੱਲੋਂ ਵਿਸ਼ੇਸ਼ ਸਰਕਾਰੀ ਵਕੀਲ ਬੀਏ ਬੇਲੀਆੱਪਾ ਤੇ ਵਧੀਕ ਸਰਕਾਰੀ ਵਕੀਲ ਬੀਐਨ ਜਗਦੀਸ਼ਾ ਪੇਸ਼ ਹੋਏ, ਜਿਨ੍ਹਾਂ ਨੇ ਕਿਹਾ ਕਿ ਇਸਤਗਾਸਾ ਧਿਰ ਸੀਸੀਬੀ ਦੀ ਸ਼ਮੂਲੀਅਤ ਨੂੰ ਜਾਇਜ਼ ਠਹਿਰਾਉਣ ਲਈ ਦਸਤਾਵੇਜ਼ ਪੇਸ਼ ਕਰੇਗੀ। -ਪੀਟੀਆਈ