'Be humble': SC cautions judicial officers against misconduct, reinstates Punjab judge: ਜੁਡੀਸ਼ਲ ਅਧਿਕਾਰੀ ਨਿਮਰ ਬਣ ਕੇ ਵਿਚਰਨ: ਸੁਪਰੀਮ ਕੋਰਟ
ਸਰਵਉੱਚ ਅਦਾਲਤ ਨੇ ਪੀਜੀਆਈ ਦੇ ਡਾਕਟਰਾਂ ਨਾਲ ਦੁਰਵਿਹਾਰ ਕਰਨ ਦੇ ਮਾਮਲੇ ’ਚ ਜੱਜ ਦੀਆਂ ਸੇਵਾਵਾਂ ਨੂੰ ਬਹਾਲ ਕੀਤਾ
ਨਵੀਂ ਦਿੱਲੀ, 17 ਮਾਰਚ
ਸੁਪਰੀਮ ਕੋਰਟ ਨੇ ਅੱਜ ਇਕ ਨਿਆਂਇਕ ਅਧਿਕਾਰੀ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਨਿਆਂਇਕ ਅਧਿਕਾਰੀਆਂ ਨੂੰ ਨਿਮਰ ਬਣ ਕੇ ਮਨੁੱਖੀ ਰਵੱਈਆ ਅਪਣਾਉਣ ਲਈ ਕਿਹਾ। ਅਦਾਲਤ ਨੇ ਇਹ ਟਿੱਪਣੀ ਇਸ ਅਧਿਕਾਰੀ ਖ਼ਿਲਾਫ਼ ਦੁਰਵਿਹਾਰ ਕਰਨ ਦੀ ਪਟੀਸ਼ਨ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਕੀਤੀ।
ਜਸਟਿਸ ਸੂਰਿਆ ਕਾਂਤ ਅਤੇ ਐਨ. ਕੋਟੀਸ਼ਵਰ ਸਿੰਘ ਦੇ ਬੈਂਚ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਇਸ ਨਿਆਂਇਕ ਅਧਿਕਾਰੀ ਨੂੰ ਆਰਜ਼ੀ ਬਹਾਲ ਕਰਨ ਦਾ ਹੁਕਮ ਦਿੱਤਾ। ਇਸ ਅਧਿਕਾਰੀ ਦੀਆਂ ਸੇਵਾਵਾਂ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਦੇ ਡਾਕਟਰਾਂ ਨਾਲ ਕਥਿਤ ਤੌਰ ’ਤੇ ਦੁਰਵਿਹਾਰ ਕਰਨ ਤੋਂ ਬਾਅਦ ਖਤਮ ਕਰ ਦਿੱਤੀਆਂ ਗਈਆਂ ਸਨ।
ਬੈਂਚ ਨੇ ਕਿਹਾ ਕਿ ਜੇਕਰ ਨਿਆਂਇਕ ਅਧਿਕਾਰੀ ਚੰਗਾ ਵਿਹਾਰ ਨਹੀਂ ਕਰਦੇ ਤਾਂ ਇਸ ਦਾ ਸੰਸਥਾ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਅਦਾਲਤ ਨੇ ਪੀਜੀਆਈ ਐਮਈਆਰ ਚੰਡੀਗੜ੍ਹ ਦੇ ਡਾਕਟਰਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਲੋਕਾਂ ਦੀ ਸੇਵਾ ਦਾ ਕੰਮ ਕਰ ਰਹੇ ਹਨ, ਇਸ ਲਈ ਸਤਿਕਾਰ ਦੇ ਹੱਕਦਾਰ ਹਨ। ਜਸਟਿਸ ਸੂਰਿਆ ਕਾਂਤ ਨੇ ਕਿਹਾ, ‘ਮੈਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿਹਾ ਹਾਂ ਅਤੇ ਪੀਜੀਆਈ ਐਮਈਆਰ, ਚੰਡੀਗੜ੍ਹ ਗਿਆ ਹਾਂ। ਇੱਥੇ ਡਾਕਟਰ ਚੌਵੀ ਘੰਟੇ ਤੇ ਬਹੁਤ ਵਧੀਆ ਕੰਮ ਕਰ ਰਹੇ ਹਨ। ਜਦੋਂ ਤੱਕ ਤੁਸੀਂ ਹਸਪਤਾਲ ਨਹੀਂ ਜਾਂਦੇ, ਤੁਸੀਂ ਉਨ੍ਹਾਂ ਦੇ ਕੰਮ ਦੀ ਕਲਪਨਾ ਵੀ ਨਹੀਂ ਕਰ ਸਕਦੇ। ਡਾਕਟਰ ਬਹੁਤ ਸੀਨੀਅਰ ਅਤੇ ਨੇਕ ਵਿਅਕਤੀ ਹਨ। ਉਨ੍ਹਾਂ ਦੇ ਕੰਮ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਪੀਟੀਆਈ