ਬਠਿੰਡਾ: ਟਰੱਕ ਤੇ ਸਕਾਰਪੀਓ ਦੀ ਟੱਕਰ ’ਚ ਏਐੱਸਆਈ ਹਲਾਕ
ਅਰਚਿਤ ਵਾਟਸ
ਬਠਿੰਡਾ/ਮੁਕਤਸਰ, 17 ਜੂਨ
Punjab news ਇਥੇ ਬਠਿੰਡਾ ਚੰਡੀਗੜ੍ਹ ਹਾਈਵੇਅ ’ਤੇ ਅੱਜ ਵੱਡੇ ਤੜਕੇ ਰਾਮਪੁਰਾ ਫੂਲ ਵਿਚ ਚੱਲਦੇ ਟਰੱਕ ਦੇ ਪਿੱਛੇ ਸਕਾਰਪੀਓ (PB65BF7692) ਟਕਰਾਉਣ ਨਾਲ ਇਸ ਵਿਚ ਸਵਾਰ ਏਐੱਸਆਈ ਦੀ ਮੌਤ ਹੋ ਗਈ ਜਦੋਂਕਿ ਇਕ ਇੰਸਪੈਕਟਰ ਤੇ ਤਿੰਨ ਕਾਂਸਟੇਬਲ ਜ਼ਖ਼ਮੀ ਹੋ ਗਏ।
ਇਹ ਸਾਰੇ ਪੁਲੀਸ ਮੁਲਾਜ਼ਮ ਸੀਆਈਏ ਸਟਾਫ਼ 1 ਮੁਕਤਸਰ ਨਾਲ ਸਬੰਧਤ ਹਨ। ਏਐੱਸਆਈ ਦੀ ਪਛਾਣ ਜਲੰਧਰ ਸਿੰਘ ਵਜੋਂ ਹੋਈ ਹੈ ਤੇ ਉਹ ਸੀਆਈਏ ਸਟਾਫ 1 ਮੁਕਤਸਰ ਦੇ ਇੰਚਾਰਜ ਇੰਸਪੈਕਟਰ ਰਾਜਬੀਰ ਸਿੰਘ ਤੇ ਤਿੰਨ ਕਾਂਸਟੇਬਲਾਂ ਮਨਪ੍ਰੀਤ, ਜਗਰੂਪ ਤੇ ਕੁਲਜੀਤ ਨਾਲ ਸਕਾਰਪੀਓ ਵਿਚ ਸਵਾਰ ਸੀ। ਹਾਦਸਾ ਰਾਮਪੁਰਾ ਫੂਲ ਥਾਣੇ ਦੇ ਬਿਲਕੁਲ ਸਾਹਮਣੇ ਹੋਇਆ। ਜ਼ਖ਼ਮੀਆਂ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਰਾਮਪੁਰਾ ਫੂਲ ਸਦਰ ਪੁਲੀਸ ਥਾਣੇ ਦੇ ਐੱਸਐੱਚਓ ਸਬ-ਇੰਸਪੈਕਟਰ ਜੋਗਿੰਦਰ ਸਿੰਘ ਨੇ ਫ਼ੋਨ ’ਤੇ ਗੱਲਬਾਤ ਕਰਦਿਆਂ ਕਿਹਾ, ‘‘ਪੁਲੀਸ ਟੀਮ ਪਟਿਆਲਾ ਤੋਂ ਆ ਰਹੀ ਸੀ ਜਦੋਂ ਉਨ੍ਹਾਂ ਦੀ ਗੱਡੀ ਅੱਜ ਸਵੇਰੇ 3:45 ਵਜੇ ਦੇ ਕਰੀਬ ਇੱਕ ਚੱਲਦੇ ਟਰੱਕ ਨਾਲ ਟਕਰਾ ਗਈ। ਦੋਵੇਂ ਗੱਡੀਆਂ ਇੱਕੋ ਦਿਸ਼ਾ ਵਿੱਚ ਜਾ ਰਹੀਆਂ ਸਨ। ਇੱਕ ਏਐਸਆਈ ਦੀ ਮੌਤ ਹੋ ਗਈ, ਜਦੋਂ ਕਿ ਇੱਕ ਇੰਸਪੈਕਟਰ ਸਮੇਤ ਚਾਰ ਹੋਰ ਜ਼ਖਮੀ ਹੋ ਗਏ। ਮ੍ਰਿਤਕ ਨੈਵੀਗੇਟਰ ਦੀ ਸੀਟ ’ਤੇ ਬੈਠਾ ਸੀ। ਇਸ ਦੁਖਦਾਈ ਘਟਨਾ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।’’ ਕੁਝ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਹਸਪਤਾਲ ਦਾ ਦੌਰਾ ਕਰਕੇ ਜ਼ਖਮੀਆਂ ਦਾ ਹਾਲ-ਚਾਲ ਵੀ ਪੁੱਛਿਆ।