ਬੰਗਲਾਦੇਸ਼ ਸਰਕਾਰ ਵੱਲੋਂ ਹਸੀਨਾ ਦੇ ਬਿਆਨ ਪ੍ਰਕਾਸ਼ਿਤ ਕਰਨ ਵਿਰੁੱਧ ਮੀਡੀਆ ਨੂੰ ਚੇਤਾਵਨੀ
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ 'ਸਜ਼ਾਯਾਫ਼ਤਾ ਅਤੇ ਫਰਾਰ' ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੇ ਬਿਆਨਾਂ ਦੀ ਰਿਪੋਰਟਿੰਗ ਕਰਨ ਤੋਂ ਗੁਰੇਜ਼ ਕਰਨ ਲਈ ਸਾਰੇ ਪ੍ਰਿੰਟ, ਇਲੈਕਟ੍ਰਾਨਿਕ ਅਤੇ ਆਨਲਾਈਨ ਮੀਡੀਆ ਅਦਾਰਿਆਂ ਨੂੰ ਚੇਤਾਵਨੀ ਦਿੱਤੀ ਹੈ। ਇਸ ਲਈ ਕੌਮੀ ਸੁਰੱਖਿਆ ਅਤੇ...
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ 'ਸਜ਼ਾਯਾਫ਼ਤਾ ਅਤੇ ਫਰਾਰ' ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੇ ਬਿਆਨਾਂ ਦੀ ਰਿਪੋਰਟਿੰਗ ਕਰਨ ਤੋਂ ਗੁਰੇਜ਼ ਕਰਨ ਲਈ ਸਾਰੇ ਪ੍ਰਿੰਟ, ਇਲੈਕਟ੍ਰਾਨਿਕ ਅਤੇ ਆਨਲਾਈਨ ਮੀਡੀਆ ਅਦਾਰਿਆਂ ਨੂੰ ਚੇਤਾਵਨੀ ਦਿੱਤੀ ਹੈ। ਇਸ ਲਈ ਕੌਮੀ ਸੁਰੱਖਿਆ ਅਤੇ ਜਨਤਕ ਵਿਵਸਥਾ ਨੂੰ ਲੈ ਕੇ ਚਿੰਤਾਵਾਂ ਦਾ ਹਵਾਲਾ ਦਿੱਤਾ ਗਿਆ ਹੈ।
'ਦ ਡੇਲੀ ਸਟਾਰ' ਅਖ਼ਬਾਰ ਅਨੁਸਾਰ ਨੈਸ਼ਨਲ ਸਾਈਬਰ ਸੁਰੱਖਿਆ ਏਜੰਸੀ (NCSA) ਨੇ ਸੋਮਵਾਰ ਨੂੰ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਦਾਅਵਾ ਕੀਤਾ ਕਿ ਹਸੀਨਾ ਦੇ ਬਿਆਨਾਂ ਵਿੱਚ ਅਜਿਹੇ ਨਿਰਦੇਸ਼ ਜਾਂ ਸੱਦੇ ਹੋ ਸਕਦੇ ਹਨ ਜੋ ‘ਹਿੰਸਾ, ਗੜਬੜ ਅਤੇ ਅਪਰਾਧਿਕ ਗਤੀਵਿਧੀਆਂ’ ਨੂੰ ਭੜਕਾਉਣ ਅਤੇ ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਦੇ ਸਮਰੱਥ ਹਨ।
ਰੀਲੀਜ਼ ਵਿੱਚ ਕਿਹਾ ਗਿਆ ਹੈ, "ਅਸੀਂ ਮੀਡੀਆ ਨੂੰ ਕੌਮੀ ਸੁਰੱਖਿਆ ਦੇ ਹਿੱਤ ਵਿੱਚ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਅਪੀਲ ਕਰਦੇ ਹਾਂ।"
ਏਜੰਸੀ ਨੇ ਕਿਹਾ ਕਿ ਉਹ ਡੂੰਘੀ ਚਿੰਤਤ ਹੈ ਕਿ ਕੁਝ ਮੀਡੀਆ ਸੰਗਠਨ "ਸਜ਼ਾਯਾਫ਼ਤਾ ਅਤੇ ਭਗੌੜੀ" ਹਸੀਨਾ ਨਾਲ ਸਬੰਧਤ ਟਿੱਪਣੀਆਂ ਦਾ ਪ੍ਰਸਾਰਣ ਅਤੇ ਪ੍ਰਕਾਸ਼ਨ ਕਰ ਰਹੇ ਹਨ।
ਇਹ ਨੋਟ ਕਰਦੇ ਹੋਏ ਕਿ ਸਜ਼ਾਯਾਫ਼ਤਾ ਅਤੇ ਭਗੌੜੇ ਵਿਅਕਤੀਆਂ ਦੇ ਬਿਆਨਾਂ ਨੂੰ ਪ੍ਰਸਾਰਿਤ ਜਾਂ ਪ੍ਰਕਾਸ਼ਿਤ ਕਰਨਾ ਸਾਈਬਰ ਸੁਰੱਖਿਆ ਆਰਡੀਨੈਂਸ ਦੀਆਂ ਧਾਰਾਵਾਂ ਦੀ ਉਲੰਘਣਾ ਕਰਦਾ ਹੈ, ਏਜੰਸੀ ਨੇ ਚੇਤਾਵਨੀ ਦਿੱਤੀ,‘‘ਅਧਿਕਾਰੀਆਂ ਨੂੰ ਉਸ ਸਮੱਗਰੀ ਨੂੰ ਹਟਾਉਣ ਜਾਂ ਬਲੌਕ ਕਰਨ ਦਾ ਅਧਿਕਾਰ ਹੈ ਜੋ ਰਾਸ਼ਟਰੀ ਅਖੰਡਤਾ, ਸੁਰੱਖਿਆ ਜਾਂ ਜਨਤਕ ਵਿਵਸਥਾ ਨੂੰ ਖ਼ਤਰਾ ਪਹੁੰਚਾਉਂਦੀ ਹੈ, ਨਸਲੀ ਜਾਂ ਧਾਰਮਿਕ ਨਫ਼ਰਤ ਨੂੰ ਉਤਸ਼ਾਹਿਤ ਕਰਦੀ ਹੈ, ਜਾਂ ਸਿੱਧੇ ਤੌਰ 'ਤੇ ਹਿੰਸਾ ਭੜਕਾਉਂਦੀ ਹੈ।’’
ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਨਫ਼ਰਤ ਭਰੇ ਭਾਸ਼ਣ, ਨਸਲੀ ਭੜਕਾਹਟ ਜਾਂ ਹਿੰਸਾ ਲਈ ਸੱਦੇ ਫੈਲਾਉਣ ਲਈ ਝੂਠੀ ਪਛਾਣ ਦੀ ਵਰਤੋਂ ਕਰਨਾ ਜਾਂ ਗੈਰ-ਕਾਨੂੰਨੀ ਤੌਰ ’ਤੇ ਸਿਸਟਮ ਤੱਕ ਪਹੁੰਚ ਕਰਨਾ ਇੱਕ ਸਜ਼ਾਯੋਗ ਅਪਰਾਧ ਹੈ, ਜਿਸ ਵਿੱਚ ਦੋ ਸਾਲ ਤੱਕ ਦੀ ਕੈਦ ਅਤੇ/ਜਾਂ 10 ਲੱਖ ਟਕਾ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਪ੍ਰੈਸ ਦੀ ਆਜ਼ਾਦੀ ਅਤੇ ਪ੍ਰਗਟਾਵੇ ਦੇ ਸਨਮਾਨ 'ਤੇ ਜ਼ੋਰ ਦਿੰਦੇ ਹੋਏ ਐੱਨਸੀਐੱਸਏ ਨੇ ਮੀਡੀਆ ਅਦਾਰਿਆਂ ਨੂੰ ਸਜ਼ਾਯਾਫ਼ਤਾ ਵਿਅਕਤੀਆਂ ਦੇ ਕਿਸੇ ਵੀ ਹਿੰਸਕ, ਭੜਕਾਊ ਜਾਂ ਅਪਰਾਧਿਕ ਤੌਰ 'ਤੇ ਭੜਕਾਊ ਬਿਆਨ ਨੂੰ ਪ੍ਰਕਾਸ਼ਿਤ ਕਰਨ ਤੋਂ ਬਚਣ ਅਤੇ ਆਪਣੀਆਂ "ਕਾਨੂੰਨੀ ਜ਼ਿੰਮੇਵਾਰੀਆਂ" ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ।
ਇੱਥੇ ਦੱਸਣਾ ਬਣਦਾ ਹੈ ਕਿ ਹਸੀਨਾ (78) ਨੂੰ ਸੋਮਵਾਰ ਨੂੰ ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ (ICT) ਵੱਲੋਂ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਸ ਨੇ ਸਾਬਕਾ ਗ੍ਰਹਿ ਮੰਤਰੀ ਅਸਦੁਜ਼ਮਾਨ ਖ਼ਾਨ ਕਮਲ ਨੂੰ ਵੀ ਅਜਿਹੇ ਹੀ ਦੋਸ਼ਾਂ ਤਹਿਤ ਮੌਤ ਦੀ ਸਜ਼ਾ ਸੁਣਾਈ ਹੈ।
ਪਿਛਲੇ ਸਾਲ 5 ਅਗਸਤ ਨੂੰ ਵੱਡੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਬੰਗਲਾਦੇਸ਼ ਤੋਂ ਭੱਜਣ ਤੋਂ ਬਾਅਦ ਹਸੀਨਾ ਭਾਰਤ ਵਿੱਚ ਰਹਿ ਰਹੀ ਹੈ। ਉਸ ਨੂੰ ਪਹਿਲਾਂ ਹੀ ਅਦਾਲਤ ਵੱਲੋਂ ਭਗੌੜਾ ਐਲਾਨ ਕਰ ਦਿੱਤਾ ਗਿਆ ਸੀ।
ਫੈਸਲੇ 'ਤੇ ਟਿੱਪਣੀ ਕਰਦੇ ਹੋਏ ਹਸੀਨਾ ਨੇ ਦੋਸ਼ਾਂ ਨੂੰ "ਪੱਖਪਾਤੀ ਅਤੇ ਰਾਜਨੀਤਿਕ ਤੌਰ 'ਤੇ ਪ੍ਰੇਰਿਤ" ਕਰਾਰ ਦਿੱਤਾ।

