At least 16 people killed in fire in chemical warehouse in Bangladesh capital, reports local media. PTI
ਢਾਕਾ ਦੇ ਮੀਰਪੁਰ ਵਿੱਚ ਇੱਕ ਕੱਪੜਾ ਫੈਕਟਰੀ ਅਤੇ ਇਸ ਨਾਲ ਲੱਗਦੇ ਇੱਕ ਰਸਾਇਣਕ ਗੋਦਾਮ ਵਿੱਚ ਅੱਗ ਲੱਗਣ ਕਾਰਨ 16 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਹਨ ਤੇ ਮੌਤਾਂ ਦੀ ਗਿਣਤੀ ਵਧਣ ਦੀ ਉਮੀਦ ਹੈ।
ਫਾਇਰ ਸਰਵਿਸ ਦੇ ਡਾਇਰੈਕਟਰ ਤਾਜੁਲ ਇਸਲਾਮ ਚੌਧਰੀ ਨੇ ਕਿਹਾ, ‘ਕੱਪੜਾ ਫੈਕਟਰੀ ਦੀ ਦੂਜੀ ਅਤੇ ਤੀਜੀ ਮੰਜ਼ਿਲ ਤੋਂ ਸੋਲਾਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।’
ਇੱਕ ਹੋਰ ਅਧਿਕਾਰੀ ਤਲ੍ਹਾ ਬਿਨ ਜਾਸ਼ਿਮ ਨੇ ਕਿਹਾ ਕਿ ਰਾਜਧਾਨੀ ਢਾਕਾ ਦੇ ਮੀਰਪੁਰ ਖੇਤਰ ਵਿੱਚ ਸੱਤ ਮੰਜ਼ਿਲਾ ਫੈਕਟਰੀ ਦੀ ਤੀਜੀ ਮੰਜ਼ਿਲ ’ਤੇ ਦੁਪਹਿਰ ਵੇਲੇ ਅੱਗ ਲੱਗੀ। ਇੱਥੇ ਬਲੀਚਿੰਗ ਪਾਊਡਰ, ਪਲਾਸਟਿਕ ਅਤੇ ਹਾਈਡ੍ਰੋਜਨ ਪਰਆਕਸਾਈਡ ਸਟੋਰ ਕੀਤਾ ਹੋਇਆ ਸੀ।
ਪੁਲੀਸ ਅਧਿਕਾਰੀ ਨੇ ਕਿਹਾ ਕਿ ਫੈਕਟਰੀ ਮਾਲਕਾਂ ਦਾ ਹਾਲੇ ਅਤਾ ਪਤਾ ਨਾ ਲੱਗਿਆ। ਪੁਲੀਸ ਅਤੇ ਫੌਜ ਉਨ੍ਹਾਂ ਦੀ ਭਾਲ ਕਰ ਰਹੀ ਹੈ। ਹਾਲੇ ਤਕ ਇਹ ਵੀ ਪਤਾ ਨਾ ਲੱਗ ਸਕਿਆ ਕਿ ਫੈਕਟਰੀ ਮਾਲਕਾਂ ਕੋਲ ਰਸਾਇਣਕ ਗੋਦਾਮ ਦਾ ਲਾਇਸੈਂਸ ਸੀ ਕਿ ਨਹੀਂ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਹਾਲੇ ਤਕ ਪਤਾ ਲੱਗਿਆ ਹੈ ਕਿ ਇਹ ਫੈਕਟਰੀ ਗੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਇਸ ਦੀ ਪੁਸ਼ਟੀ ਕੀਤੀ ਜਾਵੇਗੀ। ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਸ਼ੋਕ ਸੰਦੇਸ਼ ਜਾਰੀ ਕਰ ਕੇ ਇਸ ਦੁਖਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਇਹ ਪਤਾ ਲੱਗਿਆ ਹੈ ਕਿ ਢਾਕਾ ਦੇ ਮੀਰਪੁਰ ਵਿਚ ਇਕ ਕੱਪੜਿਆਂ ਤੇ ਕੈਮੀਕਲ ਵੇਅਰਹਾਊਸ ਵਿਚ ਅੱਜ ਅੱਗ ਲੱਗ ਗਈ। ਫਾਇਰ ਵਿਭਾਗ ਨੇ ਦੱਸਿਆ ਕਿ ਉਹ ਅੰਦਰ ਫਸੇ ਲੋਕਾਂ ਨੂੰ ਬਚਾਉਣ ਲਈ ਪੂਰੀ ਵਾਹ ਲਾ ਰਹੇ ਹਨ ਪਰ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਪੀਟੀਆਈ