Bangladesh Plane Crash: ਏਅਰ ਫੋਰਸ ਦਾ ਸਿਖਲਾਈ ਜਹਾਜ਼ ਸਕੂਲ ਦੀ ਇਮਾਰਤ ਨਾਲ ਟਕਰਾਇਆ; 20 ਮੌਤਾਂ, ਦਰਜਨਾਂ ਜ਼ਖਮੀ
ਬੰਗਲਾਦੇਸ਼ ਏਅਰ ਫੋਰਸ ਦਾ ਇੱਕ ਸਿਖਲਾਈ ਜਹਾਜ਼ ਸੋਮਵਾਰ ਨੂੰ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਢਾਕਾ ਵਿੱਚ ਇੱਕ ਸਕੂਲ ਦੀ ਇਮਾਰਤ ਨਾਲ ਟਕਰਾ ਗਿਆ, ਜਿਸ ਕਾਰਨ ਘੱਟੋ-ਘੱਟ 20 ਵਿਅਕਤੀਆਂ (ਜ਼ਿਆਦਾਤਰ ਬੱਚੇ) ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਚੀਨੀ ਬਣਤਰ ਦਾ F-7 BGI ਸਿਖਲਾਈ ਜਹਾਜ਼ ਢਾਕਾ ਦੇ ਉੱਤਰਾ ਖੇਤਰ ਵਿੱਚ ਮਾਈਲਸਟੋਨ ਸਕੂਲ ਅਤੇ ਕਾਲਜ ਕੈਂਪਸ ਵਿੱਚ ਡਿੱਗ ਗਿਆ।
ਫਾਇਰ ਸਰਵਿਸ ਅਤੇ ਸਿਵਲ ਡਿਫੈਂਸ ਦੇ ਡਾਇਰੈਕਟਰ ਜਨਰਲ ਬ੍ਰਿਗੇਡੀਅਰ ਜਨਰਲ ਜ਼ਾਹੇਦ ਕਮਲ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਕਰੈਸ਼ ਅਤੇ ਉਸ ਤੋਂ ਬਾਅਦ ਲੱਗੀ ਅੱਗ ਵਿੱਚ 20 ਲੋਕ ਮਾਰੇ ਗਏ। ਘੱਟੋ-ਘੱਟ 50 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ।’’ ਉਨ੍ਹਾਂ ਕਿਹਾ ਕਿ ਬਚਾਅ ਕਰਮਚਾਰੀਆਂ ਨੇ ਇਕੱਲੇ ਸਕੂਲ ਕੰਪਾਊਂਡ ਵਿੱਚੋਂ 19 ਲਾਸ਼ਾਂ ਬਰਾਮਦ ਕੀਤੀਆਂ ਹਨ ਜਦੋਂ ਕਿ ਬਚਾਅ ਕਾਰਜ ਹਾਲੇ ਵੀ ਜਾਰੀ ਹੈ।
ਇਸ ਤੋਂ ਪਹਿਲਾਂ ਸਿਹਤ ਮੰਤਰਾਲੇ ਦੇ ਵਿਸ਼ੇਸ਼ ਸਹਾਇਕ ਮੁਹੰਮਦ ਸਈਦੁਰ ਰਹਿਮਾਨ ਨੇ ਦੱਸਿਆ ਕਿ ਮਾਈਲਸਟੋਨ ਸਕੂਲ ਅਤੇ ਕਾਲਜ ਕੈਂਪਸ ਵਿੱਚ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਰਹਿਮਾਨ ਨੇ ਕਿਹਾ ਕਿ 72 ਲੋਕਾਂ ਨੂੰ ਸੜਨ ਅਤੇ ਹੋਰ ਕਿਸਮ ਦੀਆਂ ਸੱਟਾਂ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀਆਂ, ਜਿਨ੍ਹਾਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਹਨ, ਦਾ ਕੰਬਾਈਂਡ ਮਿਲਟਰੀ ਹਸਪਤਾਲ (CMH), ਢਾਕਾ ਮੈਡੀਕਲ ਕਾਲਜ ਹਸਪਤਾਲ ਅਤੇ ਨੈਸ਼ਨਲ ਇੰਸਟੀਚਿਊਟ ਆਫ ਬਰਨ ਐਂਡ ਪਲਾਸਟਿਕ ਸਰਜਰੀ (NIBPS) ਵਿੱਚ ਇਲਾਜ ਚੱਲ ਰਿਹਾ ਹੈ।
ਡਾਕਟਰਾਂ ਅਨੁਸਾਰ ਜ਼ਖਮੀਆਂ ਵਿੱਚੋਂ ਅੱਠ ਦੀ ਹਾਲਤ ਨਾਜ਼ੁਕ ਹੈ। NIBPS ਦੇ ਇੱਕ ਡਾਕਟਰ ਨੇ ਪੱਤਰਕਾਰਾਂ ਨੂੰ ਦੱਸਿਆ, "ਇਸ ਹਸਪਤਾਲ ਵਿੱਚ ਲਿਆਂਦੇ ਜਾ ਰਹੇ ਜ਼ਖਮੀਆਂ ਦੀ ਗਿਣਤੀ ਵਧ ਰਹੀ ਹੈ।"
ਰਹਿਮਾਨ ਨੇ ਦੱਸਿਆ ਕਿ ਜਹਾਜ਼ ਦੇ ਪਾਇਲਟ ਫਲਾਈਟ ਲੈਫਟੀਨੈਂਟ ਮੁਹੰਮਦ ਤੌਕੀਰ ਇਸਲਾਮ ਦਾ ਕੰਬਾਈਂਡ ਮਿਲਟਰੀ ਹਸਪਤਾਲ ਦੀ ਇੰਟੈਂਸਿਵ ਕੇਅਰ ਯੂਨਿਟ ਵਿੱਚ ਇਲਾਜ ਚੱਲ ਰਿਹਾ ਹੈ। ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ F-7 BGI ਸਿਖਲਾਈ ਜਹਾਜ਼ ਨੇ ਦੁਪਹਿਰ 1:06 ਵਜੇ ਉਡਾਣ ਭਰੀ ਅਤੇ ਉਸ ਤੋਂ ਥੋੜ੍ਹੀ ਦੇਰ ਬਾਅਦ ਕਾਲਜ ਕੈਂਪਸ ਵਿੱਚ ਡਿੱਗ ਗਿਆ।
ਫਾਇਰ ਸਰਵਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਜਹਾਜ਼ ਇੱਕ ਵੱਡੇ ਧਮਾਕੇ ਨਾਲ ਮਾਈਲਸਟੋਨ ਸਕੂਲ ਦੀ ਚਾਰ ਮੰਜ਼ਿਲਾ ਇਮਾਰਤ ਨਾਲ ਟਕਰਾ ਗਿਆ ਅਤੇ ਤੁਰੰਤ ਅੱਗ ਲੱਗ ਗਈ।
ਉਧਰ ਇਸ ਘਟਨਾ ਬਾਰੇ ਸਕੂਲ ਦੇ ਇੱਕ ਅਧਿਆਪਕ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਸੁਰੱਖਿਆ ਕਰਮਚਾਰੀ ਧੱਕੇ ਨਾਲ ਲਾਸ਼ਾਂ ਨੂੰ ਬੈਗਾਂ ਵਿੱਚ ਪਾ ਰਹੇ ਸਨ ਤਾਂ ਜੋ ਉਨ੍ਹਾਂ ਨੂੰ ਢਾਕਾ ਦੇ ਕੰਬਾਈਂਡ ਮਿਲਟਰੀ ਹਸਪਤਾਲ ਲਿਜਾਇਆ ਜਾ ਸਕੇ। ਉਸਨੇ ਕਿਹਾ, "ਦਰਜਨਾਂ ਐਂਬੂਲੈਂਸਾਂ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਲਿਜਾ ਰਹੀਆਂ ਸਨ।" ਰਾਜਧਾਨੀ ਦੇ ਨੈਸ਼ਨਲ ਬਰਨ ਇੰਸਟੀਚਿਊਟ ਨੇ ਕਿਹਾ ਕਿ ਉਹ 18 ਲੋਕਾਂ, ਜ਼ਿਆਦਾਤਰ ਵਿਦਿਆਰਥੀਆਂ, ਦਾ ਇਲਾਜ ਕਰ ਰਹੇ ਸਨ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਨਾਜ਼ੁਕ ਸੀ।
ਇਸ ਸਬੰਧੀ ਅੰਤਰਿਮ ਸਰਕਾਰ ਨੇ 22 ਜੁਲਾਈ ਨੂੰ ਇੱਕ ਦਿਨ ਦਾ ਰਾਜਸੀ ਸੋਗ ਐਲਾਨਿਆ ਹੈ। ਮੁੱਖ ਸਲਾਹਕਾਰ ਪ੍ਰੋਫੈਸਰ ਮੁਹੰਮਦ ਯੂਨਸ ਨੇ ਕਰੈਸ਼ ਕਾਰਨ ਹੋਏ ਜਾਨੀ ਨੁਕਸਾਨ ’ਤੇ ਸਦਮਾ ਅਤੇ ਦੁੱਖ ਪ੍ਰਗਟ ਕੀਤਾ ਹੈ।