ਬੰਗਲਾਦੇਸ਼: ਸਰਹੱਦ ਪਾਰ ਮੱਛੀਆਂ ਫੜਨ ਦੇ ਦੋਸ਼ ਵਿਚ 34 ਭਾਰਤੀ ਮਛੇਰੇ ਕਾਬੂ
ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ ਪਾਰ ਕਰਨ ਅਤੇ ਬੰਗਲਾਦੇਸ਼ੀ ਖੇਤਰੀ ਪਾਣੀਆਂ ਵਿੱਚ ਮੱਛੀਆਂ ਫੜਨ ਦੇ ਕਥਿਤ ਦੋਸ਼ ਵਿੱਚ 34 ਭਾਰਤੀ ਮਛੇਰਿਆਂ ਨੂੰ ਦੋ ਟਰਾਂਲਰਾਂ ਸਮੇਤ ਬੰਗਲਾਦੇਸ਼ੀ ਅਧਿਕਾਰੀਆਂ ਵੱਲੋਂ ਫੜ੍ਹਿਆ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ 14-15 ਜੁਲਾਈ ਦੀ ਦਰਮਿਆਨੀ ਰਾਤ ਨੂੰ ਵਾਪਰੀ ਅਤੇ ਸੂਚਨਾ ਮਿਲਦਿਆਂ ਹੀ ਇਹ ਮਾਮਲਾ ਬੰਗਲਾਦੇਸ਼ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਸੂਤਰਾਂ ਨੇ ਕਿਹਾ, ‘‘ਜਿਵੇਂ ਹੀ ਘਟਨਾ ਬਾਰੇ ਜਾਣਕਾਰੀ ਮਿਲੀ ਬੰਗਲਾਦੇਸ਼ ਵਿੱਚ ਸਾਡੇ ਹਾਈ ਕਮਿਸ਼ਨ ਨੇ ਤੁਰੰਤ ਕੌਂਸਲਰ ਪਹੁੰਚ ਲਈ ਕੂਟਨੀਤਕ ਚੈਨਲਾਂ ਰਾਹੀਂ ਬੰਗਲਾਦੇਸ਼ੀ ਅਧਿਕਾਰੀਆਂ ਨਾਲ ਮਾਮਲਾ ਵਿਚਾਰਿਆ ਹੈ।’’
ਸੂਤਰਾਂ ਨੇ ਅੱਗੇ ਕਿਹਾ ਕਿ ਮਛੇਰਿਆਂ ਨੂੰ ਉਨ੍ਹਾਂ ਦੀਆਂ ਕਿਸ਼ਤੀਆਂ ਸਮੇਤ ਸੁਰੱਖਿਅਤ ਅਤੇ ਜਲਦੀ ਵਾਪਸ ਲਿਆਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਰਾਮੇਸ਼ਵਰਮ ਫਿਸ਼ਰਮੈਨ ਐਸੋਸੀਏਸ਼ਨ ਨੇ ਦੱਸਿਆ ਇਸ ਤੋਂ ਪਹਿਲਾਂ 13 ਜੁਲਾਈ ਨੂੰ ਤਾਮਿਲਨਾਡੂ ਵਿੱਚ ਸੱਤ ਭਾਰਤੀ ਮਛੇਰਿਆਂ ਨੂੰ ਸ਼੍ਰੀਲੰਕਾਈ ਜਲ ਸੈਨਾ ਵੱਲੋਂ ਦੋਵਾਂ ਦੇਸ਼ਾਂ ਵਿਚਕਾਰ ਸਮੁੰਦਰੀ ਸਰਹੱਦ ਪਾਰ ਕਰਕੇ ਕਥਿਤ ਤੌਰ ’ਤੇ ਮੱਛੀਆਂ ਫੜਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।