ਪੱਛੜੇ ਵਰਗਾਂ ਨੂੰ ਗਿਣਮਿੱਥ ਕੇ ਸਿੱਖਿਆ ਤੇ ਅਗਵਾਈ ਤੋਂ ਦੂਰ ਰੱਖਿਆ ਜਾ ਰਿਹੈ: ਰਾਹੁਲ ਗਾਂਧੀ
ਉਬੀਰ ਨਕਸ਼ਬੰਦੀ
ਨਵੀਂ ਦਿੱਲੀ, 27 ਮਈ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪੂਰੇ ਦੇਸ਼ ਵਿਚ ਪੱਛੜੇ ਵਰਗਾਂ ਨਾਲ ਸਬੰਧਤ ਯੋਗ ਉਮੀਦਵਾਰਾਂ ਨੂੰ ‘ਗਿਣਮਿਥ ਕੇ ਅਯੋਗ ਐਲਾਨਿਆ’ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਨੂੰ ਸਿੱਖਿਆ ਤੇ ਲੀਡਰਸ਼ਿਪ ਤੋਂ ਦੂਰ ਰੱਖਿਆ ਜਾ ਸਕੇ। ਕਾਂਗਰਸ ਆਗੂ ਨੇ ਇਹ ਦਾਅਵਾ ਅਜਿਹੇ ਮੌਕੇ ਕੀਤਾ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਹਾਲ ਹੀ ਵਿਚ ਪੂਰੇ ਦੇਸ਼ ਵਿਚ ਜਾਤੀ ਜਨਗਣਨਾ ਕਰਵਾਉਣ ਦਾ ਐਲਾਨ ਕੀਤਾ ਹੈ। ਪਿਛਲੇ ਕੁਝ ਸਮੇਂ ਤੋਂ ਕਾਂਗਰਸ ਵੱਲੋਂ ਇਹ ਮੰਗ ਲਗਾਤਾਰ ਕੀਤੀ ਜਾ ਰਹੀ ਸੀ।
‘Not Found Suitable’ अब नया मनुवाद है।
SC/ST/OBC के योग्य उम्मीदवारों को जानबूझकर ‘अयोग्य’ ठहराया जा रहा है - ताकि वे शिक्षा और नेतृत्व से दूर रहें।
बाबासाहेब ने कहा था: शिक्षा बराबरी के लिए सबसे बड़ा हथियार है। लेकिन मोदी सरकार उस हथियार को कुंद करने में जुटी है।
दिल्ली… pic.twitter.com/JfPe1xxQdm
— Rahul Gandhi (@RahulGandhi) May 27, 2025
ਗਾਂਧੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘‘ਯੋਗ ਉਮੀਦਵਾਰ ਨਹੀਂ ਮਿਲਿਆ’ (Not Found Suitable)’ ਹੁਣ ਨਵਾਂ ਮਨੂਵਾਦ ਹੈ। ਐੱਸਸੀ/ਐੱਸਟੀ/ਓਬੀਸੀ ਦੇ ਯੋਗ ਉਮੀਦਵਾਰਾਂ ਨੂੰ ਜਾਣਬੁਝ ਕੇ ‘ਅਨਫਿਟ’ (ਅਯੋਗ) ਐਲਾਨਿਆ ਜਾ ਰਿਹਾ ਹੈ ਤਾਂ ਕਿ ਉਹ ਸਿੱਖਿਆ ਤੇ ਲੀਡਰਸ਼ਿਪ ਤੋਂ ਦੂਰ ਰਹਿਣ।’’ ਕਾਂਗਰਸ ਆਗੂ ਨੇ ਡਾ.ਬੀਆਰ ਅੰਬੇਦਕਰ ਦੇ ਹਵਾਲੇ ਨਾਲ ਕਿਹਾ ਕਿ ‘ਬਰਾਬਰੀ ਲਈ ਸਿੱਖਿਆ ਸਭ ਤੋਂ ਵੱਡਾ ਹਥਿਆਰ ਹੈ’। ਉਨ੍ਹਾਂ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ‘ਸਰਕਾਰ ਇਸ ਹਥਿਆਰ ਨੂੰ ਖੁੰਡਾ ਕਰਨ ਵਿਚ ਰੁੱਝੀ ਹੈ।’
ਉਨ੍ਹਾਂ ਕਿਹਾ ਕਿ ਦਿੱਲੀ ਯੂਨੀਵਰਸਿਟੀ ਵਿਚ ਪ੍ਰੋਫੈਸਰਾਂ ਦੀਆਂ 60 ਫੀਸਦ ਤੋਂ ਵੱਧ ਰਾਖਵੀਆਂ ਪੋਸਟਾਂ ਤੇ ਐਸੋਸੀਏਟ ਪ੍ਰੋਫੈਸਰਾਂ ਦੀਆਂ 30 ਫੀਸਦ ਤੋਂ ਵੱਧ ਰਾਖਵੀਆਂ ਪੋਸਟਾਂ ਨੂੰ ਐੱਨਐੱਫਐੱਸ ਦੱਸ ਕੇ ਖਾਲੀ ਰੱਖਿਆ ਗਿਆ ਹੈ। ਗਾਂਧੀ ਨੇ ਕਿਹਾ, ‘‘ਇਹ ਕੋਈ ਅਪਵਾਦ ਨਹੀਂ ਹੈ - ਆਈਆਈਟੀ, ਕੇਂਦਰੀ ਯੂਨੀਵਰਸਿਟੀਆਂ ਹਰ ਜਗ੍ਹਾ ਇੱਕੋ ਜਿਹੀ ਸਾਜ਼ਿਸ਼ ਚੱਲ ਰਹੀ ਹੈ। ਐੱਨਐੱਫਐੱਸ ਸੰਵਿਧਾਨ ’ਤੇ ਹਮਲਾ ਹੈ। ਐੱਨਐੱਫਐੱਸ ਸਮਾਜਿਕ ਨਿਆਂ ਨਾਲ ਵਿਸ਼ਵਾਸਘਾਤ ਹੈ। ਇਹ ਸਿਰਫ਼ ਸਿੱਖਿਆ ਅਤੇ ਨੌਕਰੀਆਂ ਲਈ ਲੜਾਈ ਨਹੀਂ ਹੈ- ਇਹ ਅਧਿਕਾਰਾਂ, ਸਤਿਕਾਰ ਅਤੇ ਭਾਗੀਦਾਰੀ ਲਈ ਲੜਾਈ ਹੈ।’’
ਗਾਂਧੀ ਨੇ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਆਪਣੀ ਗੱਲਬਾਤ ਦੀ ਇੱਕ ਵੀਡੀਓ ਕਲਿੱਪ ਸਾਂਝੀ ਕਰਦੇ ਹੋਏ ਕਿਹਾ, ‘‘ਹੁਣ ਅਸੀਂ ਸਾਰੇ ਮਿਲ ਕੇ ਭਾਜਪਾ/ਆਰਐੱਸਐੱਸ ਦੇ ਹਰ ਰਾਖਵਾਂਕਰਨ ਵਿਰੋਧੀ ਕਦਮ ਦਾ ਸੰਵਿਧਾਨ ਦੀ ਸ਼ਕਤੀ ਨਾਲ ਜਵਾਬ ਦੇਵਾਂਗੇ।’’