ਆਜ਼ਮ ਖ਼ਾਨ ਦੀ ਪਤਨੀ ਤੇ ਪੁੱਤ ਨੂੰ ਨਿਯਮਤ ਜ਼ਮਾਨਤ
ਰਾਮਪੁਰ(ਯੂਪੀ), 20 ਮਾਰਚ
ਇੱਥੋਂ ਦੀ ਵਿਸ਼ੇਸ਼ ਅਦਾਲਤ ਨੇ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ ਦੇ ਪਰਿਵਾਰ ਦੇ ਤਿੰਨ ਮੈਂਬਰਾਂ, ਜਿਨ੍ਹਾਂ ਵਿੱਚ ਉਨ੍ਹਾਂ ਦੀ ਪਤਨੀ ਤੇ ਵੱਡਾ ਪੁੱਤਰ ਸ਼ਾਮਲ ਹਨ, ਨੂੰ ਜਾਇਦਾਦ ਦੇ ਇੱਕ ਮਾਮਲੇ ਵਿੱਚ ਨਿਯਮਤ ਜ਼ਮਾਨਤ ਦੇ ਦਿੱਤੀ ਹੈ। ਆਜ਼ਮ ਖਾਨ ਦੇ ਪਰਿਵਾਰ ਵੱਲੋਂ ਪੇਸ਼ ਵਕੀਲ ਵਿਨੋਦ ਸ਼ਰਮਾ ਨੇ ਕਿਹਾ ਕਿ ਆਜ਼ਮ ਖਾਨ ਦੀ ਪਤਨੀ ਤਾਜ਼ੀਨ ਫਾਤਿਮਾ, ਉਨ੍ਹਾਂ ਦੇ ਵੱਡੇ ਪੁੱਤਰ ਅਦੀਬ ਆਜ਼ਮ ਖਾਨ ਅਤੇ ਭੈਣ ਨਿਖਤ ਅਖਲਾਕ, ਜੋ ਪਹਿਲਾਂ ਅੰਤਰਿਮ ਜ਼ਮਾਨਤ ’ਤੇ ਸਨ, ਨੂੰ ਰਾਮਪੁਰ ਦੀ ਐੱਮਪੀ-ਐੱਮਐੱਲਏ ਵਿਸ਼ੇਸ਼ ਅਦਾਲਤ ਨੇ ਨਿਯਮਤ ਜ਼ਮਾਨਤ ਦੇ ਦਿੱਤੀ ਹੈ। ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸ਼ਰਮਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਈ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਪਰ ਅਦਾਲਤ ਨੇ ਸਿਰਫ਼ ਤਿੰਨ ਪਰਿਵਾਰਕ ਮੈਂਬਰਾਂ ਨੂੰ ਹੀ ਜ਼ਮਾਨਤ ਦਿੱਤੀ ਹੈ। ਆਜ਼ਮ ਖਾਨ ਅਤੇ ਉਨ੍ਹਾਂ ਦਾ ਪਰਿਵਾਰ 2017 ਤੋਂ ਨਾਜਾਇਜ਼ ਕਬਜ਼ੇ ਤੋਂ ਲੈ ਕੇ ਚੋਰੀ ਤੱਕ ਦੇ 100 ਦੇ ਕਰੀਬ ਮਾਮਲਿਆਂ ਨਾਲ ਜੂਝ ਰਿਹਾ ਹੈ। ਆਜ਼ਮ ਖਾਨ ਅਜੇ ਵੀ ਸੀਤਾਪੁਰ ਜੇਲ੍ਹ ਵਿੱਚ ਬੰਦ ਹਨ। -ਪੀਟੀਆਈ