ਬਰਫੀਲੇ ਤੂਫਾਨ ਮਗਰੋਂ ਮਾਊਂਟ ਐਵਰੇਸਟ ਦੀਆਂ ਤਿੱਬਤੀ ਢਲਾਣਾਂ ’ਤੇ ਇੱਕ ਪਰਬਤਾਰੋਹੀ ਦੀ ਮੌਤ
ਮਾਊਂਟ ਐਵਰੇਸਟ ਦੀਆਂ ਤਿੱਬਤ ਵਾਲੇ ਪਾਸੇ ਢਲਾਣਾਂ ’ਤੇ ਬਰਫੀਲੇ ਤੂਫਾਨ ਕਾਰਨ ਇਕ ਪਰਬਤਾਰੋਹੀ ਦੀ ਮੌਤ ਹੋ ਗਈ ਅਤੇ ਫਸੇ ਹੋਏ 137 ਪਰਬਤਾਰੋਹੀਆਂ ਨੂੰ ਬਚਾ ਲਿਆ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਹੋਰ ਲਾਪਤਾ ਪਰਬਤਾਰੋਹੀਆਂ ਦੀ ਭਾਲ ਜਾਰੀ ਹੈ।
ਖ਼ਬਰ ਏਜੰਸੀ ਸ਼ਿਨਹੂਆ ਦੀ ਖ਼ਬਰ ’ਚ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ‘ਹਾਈਪੋਥਰਮੀਆ’ ਅਤੇ ਵੱਧ ਉਚਾਈ ’ਤੇ ਪਹੁੰਚਣ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਕਾਰਨ ਇੱਕ 41 ਸਾਲਾ ਪਰਬਤਾਰੋਹੀ ਦੀ ਮੌਤ ਹੋ ਗਈ ਹੈ। ਖ਼ਬਰ ’ਚ ਕਿਹਾ ਗਿਆ ਹੈ ਕਿ ਉੱਤਰ ਪੱਛਮੀ ਕਿੰਗਾਈ ਸੂਬੇ ’ਚ ਲਗਾਤਾਰ ਬਰਫ਼ਬਾਰੀ ਹੋਣ ਕਾਰਨ ਫਸੇ ਹੋਏ 137 ਪਰਬਤਾਰੋਹੀਆਂ ਨੂੰ ਹੁਣ ਤੱਕ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਾਤ ਸਥਿਰ ਹੈ।
ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੇ ਤਿੱਬਤ ਵਾਲੇ ਪਾਸੇ ਬਰਫੀਲੇ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ ਅਤੇ ਬਰਫ਼ਬਾਰੀ ਵਿੱਚ ਫਸੇ ਲਗਪਗ 1,000 ਪਰਬਤਾਰੋਹੀਆਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹਨ। 4,900 ਮੀਟਰ ਤੋਂ ਵੱਧ ਦੀ ਉਚਾਈ ’ਤੇ ਸਥਿਤ ਇਸ ਖੇਤਰ ਵਿੱਚ ਬਰਫ਼ਬਾਰੀ ਕਾਰਨ ਸੜਕਾਂ ਬੰਦ ਹੋ ਗਈਆਂ ਹਨ ਅਤੇ ਸੈਂਕੜੇ ਸਥਾਨਕ ਪਿੰਡ ਵਾਸੀਆਂ ਅਤੇ ਬਚਾਅ ਟੀਮਾਂ ਨੂੰ ਬਰਫ ਹਟਾਉਣ ਲਈ ਤਾਇਨਾਤ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਪ੍ਰਾਪਤ ਰਿਪੋਰਟ ਅਨੁਸਾਰ ਲਗਭਗ 350 ਲੋਕਾਂ ਨੂੰ ਬਚਾਇਆ ਗਿਆ ਹੈ ਤੇ ਸੁਰੱਖਿਅਤ ਢੰਗ ਨਾਲ ਛੋਟੇ ਜਿਹੇ ਕਸਬੇ ਕੁਡਾਂਗ ਵਿੱਚ ਪਹੁੰਚਾਇਆ ਗਿਆ ਹੈ।
ਇਸੇ ਵਿਚਾਲੇ ਦੱਖਣੀ ਚੀਨ ਦੇ ਗਵਾਂਗਦੌਂਗ ਸੂਬੇ ਦੇ ਝਾਨਜਿਆਂਗ ਸ਼ਹਿਰ ਦੀ ਸ਼ੂਵੇਨ ਕਾਊਂਟੀ ਦੇ ਪੂਰਬੀ ਤੱਟ ’ਤੇ ਐਤਵਾਰ ਨੂੰ ਤੂਫਾਨ ਮੈਤਮੋ ਨੇ ਦਸਤਕ ਦਿੱਤੀ। ਸਥਾਨਕ ਸਰਕਾਰਾਂ ਨੇ ਗਵਾਂਗਦੌਂਗ ਤੇ ਹੈਨਾਨ ਦੇ ਦੱਖਣੀ ਸੂਬਿਆਂ ਤੋਂ ਤਕਰੀਬਨ 3,47,000 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੈ।
