ਆਸਟਰੇਲੀਆ: ਸੈਨੇਟ ’ਚ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਯਾਦ ਕੀਤਾ
ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ’ਚ ਅੱਜ ਸੰਸਾਰ ’ਚ ਧੱਕੇਸ਼ਾਹੀ ਨਾਲ ਵੱਖ ਵੱਖ ਹਕੂਮਤਾਂ ਵੱਲੋਂ ਲਾਪਤਾ ਕਰ ਦਿੱਤੇ ਗਏ ਪੀੜਤਾਂ ਦੀ ਯਾਦ ’ਚ ਕੌਮਾਂਤਰੀ ਦਿਹਾੜੇ ’ਤੇ ਸਮਾਗਮ ਕਰਵਾਇਆ ਗਿਆ।
ਇਸ ਪ੍ਰੋਗਰਾਮ ’ਚ ਗਰੀਨਜ਼ ਪਾਰਟੀ ਦੇ ਸੈਨੇਟਰ ਡੇਵਿਡ ਸ਼ੂਬ੍ਰਿਜ ਨੇ 30 ਸਾਲ ਪਹਿਲਾਂ ਲਾਪਤਾ ਕਰ ਦਿੱਤੇ ਗਏ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਪੰਜਾਬ ਦੇ ਲਾਪਤਾ ਕਰ ਦਿੱਤੇ ਗਏ ਨੌਜਵਾਨਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀਲੰਕਾ, ਬੰਗਲਾਦੇਸ਼, ਇਰਾਨ, ਪਾਕਿਸਤਾਨ, ਫਿਲਪੀਨਜ਼ ਸਮੇਤ ਜਿੱਥੇ ਵੀ ਨੌਜਵਾਨ ਲਾਪਤਾ ਕੀਤੇ ਗਏ ਓਥੋਂ ਦੀਆਂ ਸਰਕਾਰਾਂ ਦਾ ਰਵੱਈਆ ਆਪਸ ਵਿੱਚ ਵੀ ਮੇਲ ਖਾਂਦਾ ਰਿਹਾ ਹੈ ਤੇ ਹਾਲੇ ਵੀ ਦੋਸ਼ੀ ਕਟਿਹਰਿਆਂ ’ਚ ਖੜ੍ਹੇ ਨਹੀਂ ਕੀਤੇ ਗਏ।
ਉਨ੍ਹਾਂ ਕਿਹਾ, ‘ਸਾਨੂੰ ਆਸਟਰੇਲੀਆ ਵੱਲੋਂ ਵੱਖ ਵੱਖ ਮੁਲਕਾਂ ’ਚ ਇਨ੍ਹਾਂ ‘ਲਾਪਤਾ’ ਕਰ ਦਿੱਤੇ ਗਏ ਲੋਕਾਂ ਲਈ ਇਨਸਾਫ ਦੀ ਮੰਗ ਨੂੰ ਲਗਾਤਾਰ ਰੱਖਣਾ ਚਾਹੀਦਾ ਹੈ ਅਤੇ ਜਦੋਂ ਤੱਕ ਪੀੜਤਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ, ਸਿਰ ਜੋੜ ਕੇ ਯਤਨ ਕੀਤੇ ਜਾਣੇ ਚਾਹੀਦੇ ਹਨ ਅਤੇ ਗਰੀਨਜ਼ ਪਾਰਟੀ ਵਜੋਂ ਅਸੀਂ ਤੁਹਾਡੇ ਨਾਲ ਹਾਂ।’
ਜ਼ਿਕਰਯੋਗ ਹੈ ਕਿ ਗੁਰਦੁਆਰਾ ਕੌਂਸਲ ਆਫ ਵਿਕਟੋਰੀਆ ਵੱਲੋਂ ਇਸੇ ਸਬੰਧ ’ਚ ਜਸਵੰਤ ਸਿੰਘ ਖਾਲੜਾ ਦੀ ਤੀਹਵੀਂ ਬਰਸੀ ਨੂੰ ਸਮਰਪਿਤ ਇੱਕ ਮਾਰਚ ਕੇਂਦਰੀ ਮੈਲਬਰਨ ’ਚ ਕੱਢਿਆ ਜਾ ਰਿਹਾ ਹੈ।