ਬਲੋਚਿਸਤਾਨ ’ਚ FC ਹੈੱਡਕੁਆਰਟਰ ’ਤੇ ਹਮਲੇ ਦੀ ਕੋਸ਼ਿਸ਼ ਨਾਕਾਮ, 3 BLA ਅਤਿਵਾਦੀ ਹਲਾਕ
ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਵਿੱਚ ਇੱਕ ਅਰਧ ਸੈਨਿਕ ਬਲ ਦੇ ਹੈੱਡਕੁਆਰਟਰ ’ਤੇ ਹੋਏ ਹਮਲੇ ਨੂੰ ਸੁਰੱਖਿਆ ਕਰਮਚਾਰੀਆਂ ਨੇ ਨਾਕਾਮ ਕਰ ਦਿੱਤਾ, ਜਿਸ ਵਿੱਚ ਪਾਬੰਦੀਸ਼ੁਦਾ ਬਲੋਚਿਸਤਾਨ ਲਿਬਰੇਸ਼ਨ ਆਰਮੀ (BLA) ਦੇ ਤਿੰਨ ਅਤਿਵਾਦੀ ਮਾਰੇ ਗਏ।
ਅਰਧ ਸੈਨਿਕ ਬਲ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ ਨੂੰ ਚਾਗਾਈ ਜ਼ਿਲ੍ਹੇ ਦੇ ਨੋਕੁੰਦੀ ਕਸਬੇ ਵਿੱਚ ਵਾਪਰੀ, ਜਦੋਂ ਇੱਕ ਆਤਮਘਾਤੀ ਹਮਲਾਵਰ ਨੇ ਮੁੱਖ ਗੇਟ ’ਤੇ ਖ਼ੁਦ ਨੂੰ ਉਡਾ ਲਿਆ, ਜਿਸ ਤੋਂ ਬਾਅਦ ਅਤਿਵਾਦੀਆਂ ਨੇ ਫਰੰਟੀਅਰ ਕੋਰ (FC) ਦੇ ਹੈੱਡਕੁਆਰਟਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।
ਘੱਟੋ-ਘੱਟ ਛੇ ਹਮਲਾਵਰਾਂ ਨੇ ਫਿਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ।
ਬੁਲਾਰੇ ਨੇ ਕਿਹਾ, “ FC ਦੀ ਤਤਕਾਲੀ ਜਵਾਬੀ ਫੋਰਸ (Quick Response Force) ਨੇ ਤੁਰੰਤ ਜਵਾਬੀ ਕਾਰਵਾਈ ਕੀਤੀ ਅਤੇ ਤਿੰਨ ਅਤਿਵਾਦੀਆਂ ਨੂੰ ਮਾਰ ਦਿੱਤਾ ਜੋ ਹੈੱਡਕੁਆਰਟਰ ਵਿੱਚ ਦਾਖਲ ਹੋਣ ਵਿੱਚ ਕਾਮਯਾਬ ਹੋ ਗਏ ਸਨ।”
ਸੂਤਰਾਂ ਅਨੁਸਾਰ, BLA ਦੇ ਅਤਿਵਾਦੀਆਂ ਨੇ ਪੰਜਗੂਰ ਦੇ ਗੁਰਮਾਕਨ ਖੇਤਰ ਵਿੱਚ ਇੱਕ ਹੋਰ FC ਚੌਕੀ ਨੂੰ ਵੀ ਨਿਸ਼ਾਨਾ ਬਣਾਇਆ, ਜਿਸ ਨਾਲ ਸੁਰੱਖਿਆ ਬਲਾਂ ਨਾਲ ਗੋਲੀਬਾਰੀ ਸ਼ੁਰੂ ਹੋ ਗਈ।
ਗ਼ੈਰ-ਪ੍ਰਮਾਣਿਤ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਇਸ ਘਟਨਾ ਵਿੱਚ ਕਈ ਹਮਲਾਵਰ ਮਾਰੇ ਗਏ ਹੋ ਸਕਦੇ ਹਨ।
