ਸੋਨੀਪਤ ਅਧਾਰਿਤ ਯੂਨੀਵਰਸਿਟੀ ਦਾ ਐਸੋਸੀਏਟ ਪ੍ਰੋਫੈਸਰ ‘Operation Sindoor’ ਖਿਲਾਫ਼ ਟਿੱਪਣੀਆਂ ਲਈ ਗ੍ਰਿਫ਼ਤਾਰ
Associate professor of Sonipat-based university arrested for remarks against Operation Sindoor
ਸੋਨੀਪਤ(ਹਰਿਆਣਾ), 18 ਮਈ
ਇਥੇ ਇਕ ਨਿੱਜੀ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਨੂੰ ਆਪਣੀ ਸੋਸ਼ਲ ਮੀਡੀਆ ਪੋਸਟ ਵਿਚ Operation Sindoor ਬਾਰੇ ਕੀਤੀਆਂ ਟਿੱਪਣੀਆਂ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਅਸ਼ੋਕਾ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਅਲੀ ਖ਼ਾਨ ਮਹਿਮੂਦਾਬਾਦ ਖਿਲਾਫ਼ ਇਹ ਕਾਰਵਾਈ ਭਾਜਪਾ ਯੁਵਾ ਮੋਰਚਾ ਦੇ ਆਗੂ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।
ਸਹਾਇਕ ਪੁਲੀਸ ਕਮਿਸ਼ਨਰ (ਏਸੀਪੀ) ਰਾਏ ਅਜੀਤ ਸਿੰਘ ਨੇ ਫੋਨ ’ਤੇ ਦੱਸਿਆ, ‘‘ਅਲੀ ਖ਼ਾਨ ਮਹਿਮੂਦਾਬਾਦ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਐਸੋਸੀਏਟ ਪ੍ਰੋਫੈਸਰ ਨੂੰ Operation Sindoor ਬਾਰੇ ਕੀਤੀਆਂ ਟਿੱਪਣੀਆਂ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਹਰਿਆਣਾ ਦੇ ਮਹਿਲਾ ਕਮਿਸ਼ਨ ਨੇ ਇਨ੍ਹਾਂ ਟਿੱਪਣੀਆਂ ਬਦਲੇ ਐਸੋਸੀਏਟ ਪ੍ਰੋਫੈਸਰ ਨੂੰ ਹਾਲ ਹੀ ਵਿਚ ਨੋਟਿਸ ਵੀ ਭੇਜਿਆ ਸੀ।
ਕਮਿਸ਼ਨ ਨੇ 12 ਮਈ ਨੂੰ ਭੇਜੇ ਨੋਟਿਸ ਵਿੱਚ ਸੋਨੀਪਤ ਦੀ ਅਸ਼ੋਕਾ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਮਹਿਮੂਦਾਬਾਦ ਵੱਲੋਂ 7 ਮਈ ਨੂੰ ਜਾਂ ਇਸ ਦੇ ਆਸਪਾਸ ਕੀਤੀਆਂ ਗਈਆਂ ‘ਜਨਤਕ ਬਿਆਨਾਂ/ਟਿੱਪਣੀਆਂ’ ਬਾਰੇ ਸਪਸ਼ਟੀਕਰਨ ਮੰਗਿਆ ਸੀ। ਐਸੋਸੀਏਟ ਪ੍ਰੋਫੈਸਰ ਨੇ ਹਾਲਾਂਕਿ ਬਾਅਦ ਵਿੱਚ ਕਿਹਾ ਸੀ ਕਿ ਕਮਿਸ਼ਨ ਨੇ ਉਸ ਦੀ ਟਿੱਪਣੀ ਨੂੰ ‘ਗਲਤ ਅਰਥਾਂ’ ਵਿਚ ਲਿਆ ਹੈ। ਮਹਿਮੂਦਾਬਾਦ ਨੇ X ’ਤੇ ਕਿਹਾ ਸੀ, ‘‘...ਮੈਂ ਹੈਰਾਨ ਹਾਂ ਕਿ ਮਹਿਲਾ ਕਮਿਸ਼ਨ ਨੇ ਆਪਣੇ ਅਧਿਕਾਰ ਖੇਤਰ ਨੂੰ ਪਾਰ ਕਰਦੇ ਹੋਏ, ਮੇਰੀਆਂ ਪੋਸਟਾਂ ਨੂੰ ਇਸ ਹੱਦ ਤੱਕ ਗਲਤ ਅਰਥਾਂ ਵਿਚ ਲਿਆ ਕਿ ਉਸ ਦੇ ਅਰਥ ਹੀ ਉਲਟਾ ਦਿੱਤੇ ਹਨ।’’ -ਪੀਟੀਆਈ