ਆਸਿਮ ਮੁਨੀਰ ਪਾਕਿਸਤਾਨ ਦੇ ਪਹਿਲੇ ਰੱਖਿਆ ਬਲਾਂ ਦੇ ਮੁਖੀ ਨਿਯੁਕਤ
Asim Munir formally appointed as Pakistan's first Chief of Defence Forces Pakistan ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਫੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਨੂੰ ਪੰਜ ਸਾਲਾਂ ਦੀ ਮਿਆਦ ਲਈ ਦੇਸ਼ ਦੇ ਪਹਿਲੇ ਰੱਖਿਆ ਬਲਾਂ ਦੇ ਮੁਖੀ (ਸੀਡੀਐਫ) ਵਜੋਂ ਨਿਯੁਕਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਜਾਣਕਾਰੀ ਪਾਕਿਸਤਾਨ ਦੇ ਰਾਸ਼ਟਰਪਤੀ ਦਫ਼ਤਰ ਨੇ X ’ਤੇ ਪੋਸਟ ਪਾ ਕੇ ਨਸ਼ਰ ਕੀਤੀ ਜਿਸ ਵਿੱਚ ਕਿਹਾ ਗਿਆ ਕਿ ਮੁਨੀਰ ਨੂੰ ਫੌਜ ਦੇ ਮੁਖੀ (ਸੀਓਏਐਸ) ਅਤੇ ਰੱਖਿਆ ਬਲਾਂ ਦੇ ਮੁਖੀ (ਸੀਡੀਐਫ) ਬਣਾਉਣ ਲਈ ਸਿਫਾਰਸ਼ ਕੀਤੀ ਗਈ ਸੀ ਜਿਸ ਨੂੰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ।
ਫੀਲਡ ਮਾਰਸ਼ਲ ਸਈਦ ਆਸਿਮ ਮੁਨੀਰ 5 ਸਾਲਾਂ ਲਈ ਸੀਡੀਐਫ ਦੇ ਨਾਲ-ਨਾਲ ਸੀਓਏਐਸ ਵਜੋਂ ਸੇਵਾਵਾਂ ਨਿਭਾਉਣਗੇ।
ਇਸ ਤੋਂ ਪਹਿਲਾਂ ਅਖਬਾਰ ‘ਡਾਅਨ’ ਨੇ ਆਪਣੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਦੀ ਤਜਵੀਜ਼ਤ 27ਵੀਂ ਸੰਵਿਧਾਨਕ ਸੋਧ ਤਹਿਤ ਮੁਲਕ ਦੇ ਥਲ ਸੈਨਾ ਮੁਖੀ ਆਸਿਮ ਮੁਨੀਰ ਰੱਖਿਆ ਬਲਾਂ ਦੇ ਪ੍ਰਮੁੱਖ (ਚੀਫ਼ ਆਫ਼ ਡਿਫੈਂਸ) ਦਾ ਨਵਾਂ ਅਹੁਦਾ ਸੰਭਾਲ ਸਕਦੇ ਹਨ। ਕਾਬਿਲੇਗੌਰ ਹੈ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਮਈ ਵਿਚ ਹੋਏ ਟਕਰਾਅ ਮਗਰੋਂ ਮੁਨੀਰ ਨੂੰ ਫੀਲਡ ਮਾਰਸ਼ਲ ਵਜੋਂ ਤਰੱਕੀ ਦਿੱਤੀ ਗਈ ਸੀ।
ਡਾਅਨ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਦੀ ਸੰਘੀ ਕੈਬਨਿਟ ਨੇ ਸੋਧ ਦੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ ਸੀ।
