DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਕਿਸਤਾਨ ਤੇ ਅਫ਼ਗਾਨਿਸਤਾਨ ਨੂੰ ਦੁਸ਼ਮਣੀ ਖ਼ਤਮ ਕਰਨ ਦੀ ਅਪੀਲ

ਝਡ਼ਪਾਂ ’ਚ ਦੋਵੇਂ ਦੇਸ਼ਾਂ ਵਿੱਚ ਦਰਜਨਾਂ ਲੋਕ ਮਰੇ ਅਤੇ ਸੈਂਕਡ਼ੇ ਹੋਰ ਜ਼ਖ਼ਮੀ

  • fb
  • twitter
  • whatsapp
  • whatsapp
featured-img featured-img
ਅਫ਼ਗਾਨਿਸਤਾਨ ਦੇ ਸਪਿਨ ਬੋਲਡਾਕ ਇਲਾਕੇ ’ਚ ਪਾਕਿਸਤਾਨੀ ਹਵਾਈ ਹਮਲਿਆਂ ਕਾਰਨ ਨੁਕਸਾਨੇ ਵਾਹਨਾਂ ਕੋਲ ਖੜ੍ਹਾ ਇਕ ਤਾਲਿਬਾਨੀ ਲੜਾਕਾ। -ਫੋਟੋ: ਰਾਇਟਰਜ਼
Advertisement

ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨੂੰ ਨਾਗਰਿਕਾਂ ਦੀ ਸੁਰੱਖਿਆ ਲਈ ‘ਦੁਸ਼ਮਣੀ ਸਥਾਈ ਤੌਰ ’ਤੇ ਖ਼ਤਮ’ ਕਰਨ ਦੀ ਅਪੀਲ ਕੀਤੀ ਹੈ। ਹਾਲ ਹੀ ਵਿੱਚ ਹੋਈਆਂ ਝੜਪਾਂ ’ਚ ਦੋਵੇਂ ਦੇਸ਼ਾਂ ਵਿੱਚ ਦਰਜਨਾਂ ਲੋਕ ਮਾਰੇ ਗਏ ਅਤੇ ਸੈਂਕੜੇ ਹੋਰ ਜ਼ਖ਼ਮੀ ਹੋਏ ਹਨ। ਇਹ 2021 ਵਿੱਚ ਅਫ਼ਗਾਨਿਸਤਾਨ ’ਚ ਪੱਛਮੀ ਦੇਸ਼ਾਂ ਦਾ ਸਮਰਥਨ ਪ੍ਰਾਪਤ ਸਰਕਾਰ ਦੇ ਡਿੱਗਣ ’ਤੇ ਤਾਲਿਬਾਨ ਵੱਲੋਂ ਸੱਤਾ ਸੰਭਾਲੇ ਜਾਣ ਮਗਰੋਂ ਦੋਵੇਂ ਗੁਆਂਢੀ ਮੁਲਕਾਂ ਦਰਮਿਆਨ ਸਭ ਤੋਂ ਡੂੰਘਾ ਸੰਕਟ ਹੈ।

ਜ਼ਿਕਰਯੋਗ ਹੈ ਕਿ 10 ਅਕਤੂਬਰ ਦੇ ਬਾਅਦ ਤੋਂ ਸਰਹੱਦ ਪਾਰ ਹਿੰਸਾ ਵਧੀ ਹੈ ਅਤੇ ਦੋਵੇਂ ਦੇਸ਼ਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਕ-ਦੂਜੇ ਵੱਲੋਂ ਕੀਤੀ ਗਈ ਕਾਰਵਾਈ ਦੇ ਜਵਾਬ ਵਿੱਚ ਹਮਲੇ ਕੀਤੇ। ਅਫ਼ਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ (ਯੂ ਐੱਨ ਏ ਐੱਮ ਏ) ਨੇ ਇਸ ਜੰਗਬੰਦੀ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਉਹ ਜਾਨੀ ਨੁਕਸਾਨ ਦਾ ਮੁਲਾਂਕਣ ਕਰ ਰਿਹਾ ਹੈ। ਬੁੱਧਵਾਰ ਨੂੰ ਦੱਖਣੀ ਖੇਤਰ ਵਿੱਚ ਸਭ ਤੋਂ ਵੱਧ ਜਾਨੀ ਨੁਕਸਾਨ ਹੋਇਆ। ਮਿਸ਼ਨ ਮੁਤਾਬਿਕ, ‘‘ਮੌਜੂਦਾ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਅਫ਼ਗਾਨ ਸਰਹੱਦੀ ਖੇਤਰ ਸਪਿਨ ਬੋਲਡਕ ਵਿੱਚ ਘੱਟੋ-ਘੱਟ 17 ਨਾਗਰਿਕ ਮਾਰੇ ਗਏ ਅਤੇ 346 ਹੋਰ ਜ਼ਖ਼ਮੀ ਹੋਏ।’’ ਯੂ ਐੱਨ ਏ ਐੱਮ ਏ ਨੇ ਝੜਪਾਂ ’ਚ ਅਫ਼ਗਾਨਿਸਤਾਨ ਦੇ ਕਈ ਪ੍ਰਾਂਤਾਂ ਵਿੱਚ ਘੱਟੋ-ਘੱਟ 16 ਨਾਗਰਿਕਾਂ ਦੀ ਮੌਤ ਹੋਣ ਦੀ ਵੀ ਪੁਸ਼ਟੀ ਕੀਤੀ ਹੈ।

Advertisement

ਦੋਵੇਂ ਧਿਰਾਂ ਨੇ ਸਹਿਮਤੀ ਜਤਾਈ

Advertisement

ਦੋਵੇਂ ਧਿਰਾਂ ਨੇ ਬੁੱਧਵਾਰ ਨੂੰ ਜੰਗਬੰਦੀ ਦੇ ਸਮਝੌਤੇ ’ਤੇ ਸਹਿਮਤੀ ਜਤਾਈ। ਇਹ ਸਮਝੌਤਾ ਖੇਤਰੀ ਸ਼ਕਤੀਆਂ ਦੀ ਅਪੀਲ ਤੋਂ ਬਾਅਦ ਹੋਇਆ ਹੈ, ਕਿਉਂਕਿ ਇਹ ਹਿੰਸਾ ਉਸ ਖੇਤਰ ਦੀ ਸਥਿਰਤਾ ਨੂੰ ਖਤਰੇ ਵਿੱਚ ਪਾ ਰਹੀ ਸੀ, ਜਿੱਥੇ ਇਸਲਾਮਿਕ ਸਟੇਟ ਅਤੇ ਅਲ-ਕਾਇਦਾ ਵਰਗੇ ਅਤਿਵਾਦੀ ਸਮੂਹ ਮੁੜ ਤੋਂ ਸਰਗਰਮ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।

ਅਫ਼ਗਾਨ-ਪਾਕਿ ਹਾਲਾਤ ’ਤੇ ਨਜ਼ਰ ਰੱਖ ਰਹੇ ਹਾਂ: ਜੈਸਵਾਲ

ਨਵੀਂ ਦਿੱਲੀ: ਭਾਰਤ ਨੇ ਅੱਜ ਕਿਹਾ ਕਿ ਉਹ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਟਕਰਾਅ ਕਾਰਨ ਪੈਦਾ ਹੋਏ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ, ਅਫ਼ਗਾਨਿਸਤਾਨ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਆਜ਼ਾਦੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ, ‘‘ਤਿੰਨ ਗੱਲਾਂ ਸਪੱਸ਼ਟ ਹਨ: ਪਹਿਲੀ, ਪਾਕਿਸਤਾਨ ਅਤਿਵਾਦੀ ਜਥੇਬੰਦੀਆਂ ਨੂੰ ਪਨਾਹ ਦਿੰਦਾ ਹੈ ਤੇ ਅਤਿਵਾਦੀ ਗਤੀਵਿਧੀਆਂ ਨੂੰ ਸਪਾਂਸਰ ਕਰਦਾ ਹੈ। ਦੂਜੀ, ਆਪਣੀਆਂ ਅੰਦਰੂਨੀ ਅਸਫ਼ਲਤਾਵਾਂ ਲਈ ਆਪਣੇ ਗੁਆਂਢੀਆਂ ਨੂੰ ਦੋਸ਼ੀ ਠਹਿਰਾਉਣਾ ਪਾਕਿਸਤਾਨ ਦੀ ਪੁਰਾਣੀ ਆਦਤ ਹੈ, ਤੇ ਤੀਜੀ, ਪਾਕਿਸਤਾਨ ਇਸ ਗੱਲ ਤੋਂ ਨਾਰਾਜ਼ ਹੈ ਕਿ ਅਫ਼ਗਾਨਿਸਤਾਨ ਆਪਣੇ ਖੇਤਰਾਂ ਉੱਤੇ ਪ੍ਰਭੂਸੱਤਾ ਕਾਇਮ ਕਰ ਰਿਹਾ ਹੈ।’’ -ਪੀਟੀਆਈ

Advertisement
×