ਇਕ ਹੋਰ ਜੱਜ ਨੇ ਲਾਈ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਬਾਰੇ ਫੈਸਲੇ 'ਤੇ ਰੋਕ
ਅਮਰੀਕਾ ਦੇ ਇਕ ਫੈਡਰਲ ਜੱਜ ਨੇ ਟਰੰਪ ਪ੍ਰਸ਼ਾਸਨ ਦੇ ਜਨਮ ਅਧਿਕਾਰ ਨਾਗਰਿਕਤਾ ਵਾਲੇ ਉਸ ਫੈਸਲੇ 'ਤੇ ਰੋਕ ਲਾ ਦਿੱਤੀ ਹੈ ਜਿਸ ਅਧੀਨ ਉਨ੍ਹਾਂ ਮਾਪਿਆਂ ਦੇ ਬੱਚਿਆਂ ਲਈ ਜਨਮ ਅਧਿਕਾਰ ਨਾਗਰਿਕਤਾ ਨੁੂੰ ਖ਼ਤਮ ਕੀਤਾ ਗਿਆ ਸੀ, ਜੋ ਗ਼ੈਰ-ਕਾਨੁੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿ ਰਹੇ ਹਨ। ਜੂਨ ਵਿੱਚ ਸੁਪਰੀਮ ਕੋਰਟ ਦੇ ਇੱਕ ਮਹੱਤਵਪੂਰਨ ਫੈਸਲੇ ਤੋਂ ਬਾਅਦ ਦੇਸ਼ ਭਰ ਵਿੱਚ ਜਨਮ ਅਧਿਕਾਰ ਦੇ ਆਦੇਸ਼ ਨੂੰ ਰੋਕਣ ਵਾਲਾ ਇਹ ਤੀਜਾ ਅਦਾਲਤੀ ਫੈਸਲਾ ਜਾਰੀ ਕੀਤਾ ਗਿਆ ਹੈ।
ਅਮਰੀਕੀ ਜ਼ਿਲ੍ਹਾ ਜੱਜ ਲੀਓ ਸੋਰੋਕਿਨ (U.S. District Judge Leo Sorokin), ਇੱਕ ਹੋਰ ਜ਼ਿਲ੍ਹਾ ਅਦਾਲਤ ਦੇ ਨਾਲ-ਨਾਲ ਜੱਜਾਂ ਦੇ ਇੱਕ ਅਪੀਲੀ ਪੈਨਲ ਨੇ ਇਹ ਫ਼ੈਸਲਾ ਦਿੱਤਾ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਅਪਵਾਦ ਦੇ ਤਹਿਤ ਇੱਕ ਦਰਜਨ ਤੋਂ ਵੱਧ ਰਾਜਾਂ ਨੂੰ ਦਿੱਤਾ ਗਿਆ ਦੇਸ਼ ਵਿਆਪੀ ਹੁਕਮ ਲਾਗੂ ਰਹੇਗਾ। ਇਸ ਫੈਸਲੇ ਨੇ ਹੇਠਲੀਆਂ ਅਦਾਲਤਾਂ ਦੇ ਜੱਜਾਂ ਦੀ ਦੇਸ਼ ਵਿਆਪੀ ਹੁਕਮ ਜਾਰੀ ਕਰਨ ਦੀ ਸ਼ਕਤੀ ਨੂੰ ਸੀਮਤ ਕਰ ਦਿੱਤਾ।
ਸੂਬਿਆਂ ਨੇ ਦਲੀਲ ਦਿੱਤੀ ਹੈ ਕਿ ਟਰੰਪ ਪ੍ਰਸ਼ਾਸਨ ਦਾ ਜਨਮ ਅਧਿਕਾਰ ਨਾਗਰਿਕਤਾ ਨੁੂੰ ਖ਼ਤਮ ਕਰਨ ਵਾਲਾ ਫੈਸਲਾ ਗ਼ੈਰਸੰਵਿਧਾਨਕ ਹੈ। ਇਸਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਇਸ ਨਾਲ ਨਾਗਰਿਕਤਾ ਸਥਿਤੀ 'ਤੇ ਨਿਰਭਰ ਸਿਹਤ ਬੀਮਾ ਸੇਵਾਵਾਂ ਨੁੂੰ ਲੱਖਾਂ ਡਾਲਰਾਂ ਦਾ ਨੁਕਸਾਨ ਹੋਵੇਗਾ। ਇਸ ਮੁੱਦੇ ਦੇ ਜਲਦ ਹੀ ਦੇਸ਼ ਦੀ ਸਰਵਉੱਚ ਅਦਾਲਤ ਵਿੱਚ ਵਾਪਸ ਜਾਣ ਦੀ ਉਮੀਦ ਹੈ।
ਵ੍ਹਾਈਟ ਹਾਊਸ ਦੀ ਤਰਜਮਾਨ ਐਬੀਗੇਲ ਜੈਕਸਨ (White House spokeswoman Abigail Jackson) ਨੇ ਕਿਹਾ ਕਿ ਪ੍ਰਸ਼ਾਸਨ ਨੂੰ ਉਮੀਦ ਹੈ ਕਿ ‘ਅਪੀਲ 'ਤੇ ਫ਼ੈਸਲਾ ਉਸ ਦੇ ਹੱਕ’ ਵਿਚ ਆਵੇਗਾ। ਇਸੇ ਦੌਰਾਨ
ਨਿਊ ਜਰਸੀ ਦੇ ਅਟਾਰਨੀ ਜਨਰਲ ਮੈਥਿਊ ਪਲੈਟਕਿਨ ਨੇ ਇਕ ਬਿਆਨ ਵਿੱਚ ਕਿਹਾ ਕਿ ਉਹ ਜ਼ਿਲ੍ਹਾ ਅਦਾਲਤ ਵੱਲੋਂ ਰਾਸ਼ਟਰਪਤੀ ਟਰੰਪ ਦੇ ਸਪੱਸ਼ਟ ਤੌਰ 'ਤੇ ਗੈਰ-ਸੰਵਿਧਾਨਕ ਜਨਮ ਅਧਿਕਾਰ ਨਾਗਰਿਕਤਾ ਆਦੇਸ਼ ਨੂੰ ਲਾਗੂ ਹੋਣ ਤੋਂ ਰੋਕਣ ਦੇ ਫ਼ੈਸਲੇ 'ਤੇ ਬਹੁਤ ਖੁਸ਼ ਹਨ। ਅਮਰੀਕਾ ਵਿਚ ਜਨਮੇ ਬੱਚੇ ਅਮਰੀਕੀ ਹਨ। ਉਨ੍ਹਾਂ ਹੋਰ ਕਿਹਾ, ‘‘ਅਮਰੀਕੀ ਰਾਸ਼ਟਰਪਤੀ ਮਹਿਜ਼ ਇੱਕ ਪੈੱਨ ਦੀ ਝਰੀਟ ਨਾਲ ਇਸ ਕਾਨੁੂੰਨ ਨੁੂੰ ਨਹੀਂ ਬਦਲ ਸਕਦੇ।’’
ਦੱਸ ਦਈਏ ਕਿ ਟਰੰਪ ਪ੍ਰਸ਼ਾਸਨ ਨੇ ਇਹ ਦਾਅਵਾ ਕੀਤਾ ਹੈ ਕਿ ਗੈਰ-ਨਾਗਰਿਕਾਂ ਦੇ ਬੱਚੇ ਅਮਰੀਕਾ ਦੇ ਅਧਿਕਾਰ ਖੇਤਰ ਦੇ ਅਧੀਨ ਨਹੀਂ ਹਨ ਅਤੇ ਇਸ ਲਈ ਉਹ ਨਾਗਰਿਕਤਾ ਦੇ ਹੱਕਦਾਰ ਨਹੀਂ ਹਨ।