ਇਕ ਹੋਰ ਸਿਹਰਾ: 9/11 ਹਮਲੇ ਤੋਂ ਪਹਿਲਾਂ ਲਾਦੇਨ ’ਤੇ ਨਜ਼ਰ ਰੱਖਣ ਦੀ ਦਿੱਤੀ ਸੀ ਚਿਤਾਵਨੀ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਤਿਹਾਸ ਕਦੇ ਵੀ ਨਹੀਂ ਭੁੱਲੇਗਾ ਕਿ ਅਲ-ਕਾਇਦਾ ਆਗੂ ਓਸਾਮਾ ਬਿਨ ਲਾਦੇਨ ਦੇ ਟਿਕਾਣੇ ’ਤੇ ਹਮਲਾ ਕਰਨ ਅਤੇ ਉਸ ਦੇ ਸਿਰ ’ਚ ਗੋਲੀ ਮਾਰਨ ਵਾਲੇ ਅਮਰੀਕੀ, ਜਲ ਸੈਨਾ ਸੀਲ ਦੇ ਜਵਾਨ ਸਨ। ਟਰੰਪ ਨੇ ਇਹ ਵੀ ਦੁਹਰਾਇਆ ਕਿ 2001 ’ਚ ਅਲ-ਕਾਇਦਾ ਦੇ ਦਹਿਸ਼ਤਗਰਦਾਂ ਵੱਲੋਂ ਵਰਲਡ ਟਰੇਡ ਸੈਂਟਰ ਦੇ ਦੋ ਟਾਵਰਾਂ ’ਤੇ ਹਮਲੇ ਤੋਂ ਇਕ ਸਾਲ ਪਹਿਲਾਂ ਹੀ ਉਨ੍ਹਾਂ ਲਾਦੇਨ ਬਾਰੇ ਚਿਤਾਵਨੀ ਦਿੱਤੀ ਸੀ। ਅਮਰੀਕੀ ਜਲ ਸੈਨਾ ਦੀ 250ਵੀਂ ਵਰ੍ਹੇਗੰਢ ਮੌਕੇ ਇਕ ਵਿਸ਼ੇਸ਼ ਸਮਾਗਮ ਦੌਰਾਨ ਐਤਵਾਰ ਨੂੰ ਵਰਜੀਨੀਆ ਦੇ ਨੌਰਫੋਕ ’ਚ ਟਰੰਪ ਨੇ ਕਿਹਾ, ‘‘ਚੇਤੇ ਕਰੋ, ਮੈਂ ਵਰਲਡ ਟਰੇਡ ਸੈਂਟਰ ’ਤੇ ਹਮਲੇ ਤੋਂ ਇਕ ਸਾਲ ਪਹਿਲਾਂ ਓਸਾਮਾ ਬਿਨ ਲਾਦੇਨ ਬਾਰੇ ਲਿਖਿਆ ਸੀ। ਮੈਂ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹ ਲਾਦੇਨ ’ਤੇ ਨਜ਼ਰ ਰੱਖਣ। ਮੈਂ ਆਖਿਆ ਸੀ ਕਿ ਓਸਾਮਾ ਨਾਮ ਦੇ ਇਕ ਵਿਅਕਤੀ ਨੂੰ ਮੈਂ ਦੇਖਿਆ ਹੈ ਅਤੇ ਮੈਨੂੰ ਉਹ ਪਸੰਦ ਨਹੀਂ ਆਇਆ ਸੀ।’’ ਟਰੰਪ ਨੇ ਕਿਹਾ ਕਿ ਅਧਿਕਾਰੀਆਂ ਨੇ ਲਾਦੇਨ ’ਤੇ ਨਜ਼ਰ ਨਹੀਂ ਰੱਖੀ ਅਤੇ ਇਕ ਸਾਲ ਬਾਅਦ ਉਸ ਨੇ ਵਰਲਡ ਟਰੇਡ ਸੈਂਟਰ ਉੱਡਾ ਦਿੱਤਾ ਸੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਚਿਤਾਵਨੀ ਦੇਣ ਦਾ ਥੋੜ੍ਹਾ ਸਿਹਰਾ ਉਨ੍ਹਾਂ ਨੂੰ ਵੀ ਮਿਲਣਾ ਚਾਹੀਦਾ ਹੈ ਕਿਉਂਕਿ ਕੋਈ ਹੋਰ ਤਾਂ ਇਹ ਗੱਲ ਮੰਨੇਗਾ ਨਹੀਂ।