ਆਂਧਰਾ ਪ੍ਰਦੇਸ਼: ਮੰਦਰ ਦੀ ਕੰਧ ਡਿੱਗਣ ਕਾਰਨ 7 ਮੌਤਾਂ, ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਮੁਆਵਜ਼ੇ ਦਾ ਐਲਾਨ
7 killed in temple wall collapse in Andhra
ਵਿਸ਼ਾਖਾਪਟਨਮ, 30 ਅਪਰੈਲ
ਇੱਥੇ ਸਿਮਹਾਚਲਮ ਵਿਚ ਸ੍ਰੀ ਵਰਾਹ ਲਕਸ਼ਮੀ ਨਰਸਿਮਹਾ ਸਵਾਮੀ ਮੰਦਰ ਵਿਚ ਮੀਂਹ ਕਾਰਨ ਕੰਧ ਡਿੱਗਣ ਨਾਲ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਸਰਕਾਰ ਨੇ ਕਿਹਾ ਕਿ ਸਵੇਰੇ 3 ਵਜੇ ਦੇ ਕਰੀਬ ਸਿਮਹਾਗਿਰੀ ਬੱਸ ਸਟੈਂਡ ਤੋਂ ਘਾਟ ਰੋਡ ’ਤੇ ਸ਼ਾਪਿੰਗ ਕੰਪਲੈਕਸ ਦੇ ਟਿਕਟ ਲਈ ਲੱਗੀ ਕਤਾਰ ’ਤੇ ਕੰਧ ਡਿੱਗਣ ਨਾਲ ਸੱਤ ਵਿਅਕਤੀਆਂ ਦੀ ਮੌਤ ਹੋ ਗਈ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਸਮੇਤ ਹੋਰਾਂ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ। ਕੇਂਦਰ ਅਤੇ ਸੂਬਾ ਸਰਕਾਰ ਦੋਵਾਂ ਨੇ ਘਟਨਾ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਹੈ। ਮੌਕੇ ’ਤੇ ਮੌਜੂਦ ਸੂਬੇ ਦੇ ਗ੍ਰਹਿ ਮੰਤਰੀ ਵੀ. ਅਨੀਤਾ ਨੇ ਕਿਹਾ ਕਿ ਮੁੱਢਲੀਆਂ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਮੰਦਰ ਦੀ ਕੰਧ ਡਿੱਗਣ ਦੀ ਘਟਨਾ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਮਿੱਟੀ ਕਮਜ਼ੋਰ ਹੋਣ ਕਾਰਨ ਹੋਈ ਸੀ। ਸਰਕਾਰੀ ਸੂਤਰਾਂ ਅਨੁਸਾਰ ਇਕ ਵਿਅਕਤੀ ਜ਼ਖਮੀ ਹੋਇਆ ਹੈ।
ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੇ ਟੈਲੀਕਾਨਫਰੰਸ ਰਾਹੀਂ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 25-25 ਲੱਖ ਰੁਪਏ ਅਤੇ ਜ਼ਖਮੀਆਂ ਨੂੰ 3-3 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ। ਹਰੇਕ ਪੀੜਤ ਦੇ ਪਰਿਵਾਰਕ ਮੈਂਬਰ ਨੂੰ ਐਂਡੋਮੈਂਟਸ ਵਿਭਾਗ ਅਧੀਨ ਮੰਦਰਾਂ ਵਿੱਚ ਆਊਟਸੋਰਸਿੰਗ ਨੌਕਰੀ ਪ੍ਰਦਾਨ ਕੀਤੀ ਜਾਵੇਗੀ।
ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀੜਤਾਂ ਲਈ ਸੋਗ ਪ੍ਰਗਟ ਕੀਤਾ। ਉਨ੍ਹਾਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ PMNRF ਤੋਂ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ ਵੀ ਕੀਤਾ। -ਪੀਟੀਆਈ