ਅਮਰੀਕਾ: ਤਾਲਾਬੰਦੀ ਛੇਤੀ ਖ਼ਤਮ ਹੋਣ ਦੇ ਆਸਾਰ ਨਹੀਂ
ਅਮਰੀਕਾ ’ਚ ਤਾਲਾਬੰਦੀ (ਸ਼ਟਡਾਊਨ) ਦੂਜੇ ਹਫ਼ਤੇ ਵੀ ਜਾਰੀ ਰਹਿਣ ਕਾਰਨ ਸੰਸਦ ਭਵਨ ਕੰਪਲੈਕਸ ‘ਕੈਪੀਟਲ’ ’ਚ ਕੰਮਕਾਰ ਠੱਪ ਹੋ ਗਿਆ ਹੈ। ਸੈਨੇਟ ਵੱਲੋਂ ਸੰਕਟ ਦੇ ਹੱਲ ਲਈ ਬਿੱਲ ਮੁੜ ਪੇਸ਼ ਕੀਤਾ ਜਾ ਸਕਦਾ ਹੈ ਪਰ ਇਸ ਦੇ ਨਾਕਾਮ ਹੋਣ ਦੀ ਪੂਰੀ ਸੰਭਾਵਨਾ ਹੈ। ਉਧਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਘੀ ਵਰਕਰਾਂ ਨੂੰ ਵੱਡੇ ਪੱਧਰ ’ਤੇ ਨੌਕਰੀ ਤੋਂ ਹਟਾਉਣ ਅਤੇ ਬਾਕੀ ਲੋਕਾਂ ਨੂੰ ਪਿਛਲੀ ਤਨਖ਼ਾਹ ਦੇਣ ਤੋਂ ਇਨਕਾਰ ਕਰਨ ਦੀ ਧਮਕੀ ਦਿੱਤੀ ਹੈ। ਸਰਕਾਰੀ ਤਾਲਾਬੰਦੀ ਦੇ ਦੂਜੇ ਹਫ਼ਤੇ ’ਚ ਦਾਖ਼ਲ ਹੋਣ ਦੇ ਬਾਵਜੂਦ ਇਸ ਦੇ ਖ਼ਤਮ ਹੋਣ ਦੇ ਕੋਈ ਸਪੱਸ਼ਟ ਸੰਕੇਤ ਨਜ਼ਰ ਨਹੀਂ ਆ ਰਹੇ ਹਨ। ਵਰਮੌਂਟ ਤੋਂ ਆਜ਼ਾਦ ਸੈਨੇਟਰ ਬਰਨੀ ਸੈਂਡਰਸ ਨੇ ਸੈਨੇਟ ’ਚ ਦਲੀਲ ਦਿੱਤੀ, ‘‘ਤੁਹਾਨੂੰ ਗੱਲਬਾਤ ਕਰਨੀ ਹੋਵੇਗੀ। ਇਹੋ ਕੰਮ ਕਰਨ ਦਾ ਤਰੀਕਾ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਇਸ ਸਬੰਧ ’ਚ ਜਨਤਕ ਤੌਰ ’ਤੇ ਕੋਈ ਗੱਲਬਾਤ ਨਹੀਂ ਹੋ ਰਹੀ ਹੈ। ਅਮਰੀਕੀ ਸੰਸਦ ’ਚ ਬਹੁਮਤ ਵਾਲੇ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਮੰਨਦੇ ਹਨ ਕਿ ਸਿਆਸੀ ਤੌਰ ’ਤੇ ਉਨ੍ਹਾਂ ਦਾ ਪੱਲੜਾ ਭਾਰੀ ਹੈ ਕਿਉਂਕਿ ਉਹ ‘ਸ਼ਟਡਾਊਨ’ ਖ਼ਤਮ ਕਰਨ ਦੀ ਕਿਸੇ ਵੀ ਯੋਜਨਾ ਤਹਿਤ ਸਿਹਤ ਬੀਮਾ ਸਬਸਿਡੀ ਲਈ ਫੌਰੀ ਫੰਡ ਮੁਹੱਈਆ ਕਰਾਉਣ ਦੀ ਡੈਮੋਕਰੈਟਿਕ ਪਾਰਟੀ ਦੀ ਮੰਗ ਨੂੰ ਨਾਕਾਮ ਕਰ ਰਹੇ ਹਨ। ਉਧਰ ਡੈਮੋਕਰੈਟਿਕ ਪਾਰਟੀ ਦੇ ਆਗੂ ਵੀ ਡਟੇ ਹੋਏ ਹਨ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਅਮਰੀਕੀ ਲੋਕ ਵੀ ਸ਼ਟਡਾਊਨ ਲਈ ਟਰੰਪ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਰਿਪਬਲਿਕਨ ਪਾਰਟੀ ਦੇ ਦੋ ਸੈਨੇਟਰਾਂ ਜੌਰਜੀਆ ਦੀ ਮਾਰਜਰੀ ਟੇਲਰ ਗਰੀਨ ਅਤੇ ਮਿਸੂਰੀ ਦੇ ਜੋਸ਼ ਹਾਊਲੇ ਨੇ ਕਿਹਾ ਕਿ ਸਿਹਤ ਬੀਮਾ ਦਰਾਂ ਰੋਕਣ ਲਈ ਕੁਝ ਕੀਤਾ ਜਾਣਾ ਚਾਹੀਦਾ ਹੈ। ਸਪੀਕਰ ਮਾਈਕ ਜੌਹਨਸਨ ਨੇ ਕਿਹਾ ਕਿ ਉਨ੍ਹਾਂ ਸਿਹਤ ਬੀਮਾ ਸਮਝੌਤੇ ਬਾਰੇ ਟਰੰਪ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਹੈ ਅਤੇ ਉਹ ਇਸ ਸਮੱਸਿਆ ਦਾ ਨਿਬੇੜਾ ਚਾਹੁੰਦੇ ਹਨ।
ਅਮਲੇ ਦੀ ਘਾਟ ਕਾਰਨ ਉਡਾਣਾਂ ’ਚ ਦੇਰ
ਵਾਸ਼ਿੰਗਟਨ: ਹਵਾਈ ਅੱਡਿਆਂ ’ਤੇ ਅਮਲੇ ਦੀ ਘਾਟ ਕਾਰਨ ਕਈ ਉਡਾਣਾਂ ’ਚ ਦੇਰ ਹੋ ਰਹੀ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਂਦੇ ਦਿਨਾਂ ’ਚ ਹਾਲਾਤ ਹੋਰ ਵਿਗੜ ਸਕਦੇ ਹਨ। ਤਾਲਾਬੰਦੀ ਕਾਰਨ ਵਰਕਰਾਂ ਨੂੰ ਤਨਖ਼ਾਹ ਨਹੀਂ ਮਿਲੀ ਹੈ ਅਤੇ ਕਈ ਹੋਰਾਂ ਦੀ ਨੌਕਰੀ ’ਤੇ ਖ਼ਤਰਾ ਮੰਡਰਾ ਰਿਹਾ ਹੈ। ਸੈਰ-ਸਪਾਟਾ ਸਨਅਤ ਦੇ ਮਾਹਿਰ ਹੈਨਰੀ ਹਾਰਟਡੈਲਟ ਨੇ ਕਿਹਾ ਕਿ ਤਾਲਾਬੰਦੀ ਦਾ ਸਮਾਂ ਵਧਣ ਨਾਲ ਨਵੰਬਰ ’ਚ ਛੁੱਟੀਆਂ ’ਤੇ ਜਾਣ ਵਾਲੇ ਲੋਕਾਂ ਉਪਰ ਅਸਰ ਪਵੇਗਾ। -ਏਪੀ