ਇੱਕ ਦਿਨ ਦੀ ਮੁਅੱਤਲੀ ਤੋਂ ਬਾਅਦ ਅਮਰਨਾਥ ਯਾਤਰਾ ਮੁੜ ਸ਼ੁਰੂ
ਕਸ਼ਮੀਰ ਵਿੱਚ ਭਾਰੀ ਮੀਂਹ ਅਤੇ ਢਿੱਗਾਂ ਖਿਸਕਣ ਕਾਰਨ ਇੱਕ ਦਿਨ ਦੀ ਮੁਅੱਤਲੀ ਤੋਂ ਬਾਅਦ ਅਮਰਨਾਥ ਯਾਤਰਾ ਸ਼ੁੱਕਰਵਾਰ ਨੂੰ ਮੁੜ ਸ਼ੁਰੂ ਹੋਈ। ਇਸ ਦੌਰਾਨ 7,900 ਤੋਂ ਵੱਧ ਸ਼ਰਧਾਲੂਆਂ ਦਾ ਇੱਕ ਨਵਾਂ ਬੈਚ ਜੰਮੂ ਤੋਂ ਦੱਖਣੀ ਕਸ਼ਮੀਰ ਹਿਮਾਲਿਆ ਵਿੱਚ ਸਥਿਤ 3,880 ਮੀਟਰ ਉੱਚੀ ਗੁਫਾ ਮੰਦਰ ਦੇ ਦੋਹਰੇ ਬੇਸ ਕੈਂਪਾਂ ਲਈ ਰਵਾਨਾ ਹੋਇਆ।
ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਾਲ ਦੇ ਦੋਹਰੇ ਬੇਸ ਕੈਂਪਾਂ ਤੋਂ ਵੀ ਯਾਤਰਾ ਮੁੜ ਸ਼ੁਰੂ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਆਰਪੀਐੱਫ ਅਤੇ ਪੁਲੀਸ ਕਰਮਚਾਰੀਆਂ ਦੀ ਸੁਰੱਖਿਆ ਹੇਠ 7,908 ਸ਼ਰਧਾਲੂਆਂ ਦਾ 16ਵਾਂ ਬੈਚ ਸਵੇਰੇ 3:30 ਵਜੇ ਤੋਂ 4:25 ਵਜੇ ਦੇ ਵਿਚਕਾਰ 261 ਵਾਹਨਾਂ ਵਿੱਚ ਭਗਵਤੀ ਨਗਰ ਬੇਸ ਕੈਂਪ ਤੋਂ ਦੋਹਰੇ ਬੇਸ ਕੈਂਪਾਂ ਲਈ ਰਵਾਨਾ ਹੋਇਆ।
ਇਸ ਦੇ ਨਾਲ ਹੀ 2 ਜੁਲਾਈ ਨੂੰ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਵੱਲੋਂ ਪਹਿਲੇ ਬੈਚ ਨੂੰ ਰਵਾਨਾ ਕਰਨ ਤੋਂ ਬਾਅਦ ਜੰਮੂ ਬੇਸ ਕੈਂਪ ਤੋਂ ਘਾਟੀ ਲਈ ਕੁੱਲ 1,09,461 ਸ਼ਰਧਾਲੂ ਰਵਾਨਾ ਹੋ ਚੁੱਕੇ ਹਨ। 38 ਦਿਨਾਂ ਦੀ ਤੀਰਥ ਯਾਤਰਾ 9 ਅਗਸਤ ਨੂੰ ਸਮਾਪਤ ਹੋਵੇਗੀ।
ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 36 ਘੰਟਿਆਂ ਤੋਂ ਘਾਟੀ ਵਿੱਚ ਭਾਰੀ ਮੀਂਹ ਕਾਰਨ ਜੰਮੂ ਦੇ ਨਾਲ-ਨਾਲ ਪਹਿਲਗਾਮ ਅਤੇ ਬਾਲਟਾਲ ਦੇ ਦੋਹਰੇ ਬੇਸ ਕੈਂਪਾਂ ਤੋਂ ਵੀ ਅਮਰਨਾਥ ਯਾਤਰਾ ਵੀਰਵਾਰ ਨੂੰ ਮੁਅੱਤਲ ਕਰ ਦਿੱਤੀ ਗਈ ਸੀ।