ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Operation Sindoor ਦੌਰਾਨ ਕਰੀਬ 100 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ: ਰਾਜਨਾਥ ਸਿੰਘ

ਰੱਖਿਆ ਮੰਤਰੀ ਨੇ ਸਰਬ ਪਾਰਟੀ ਮੀਟਿੰਗ ’ਚ ਦਿੱਤੀ ਜਾਣਕਾਰੀ; ਅਪਰੇਸ਼ਨ ਅਜੇ ਖ਼ਤਮ ਨਾ ਹੋਣ ਦਾ ਕੀਤਾ ਦਾਅਵਾ; ਵਿਰੋਧੀ ਧਿਰਾਂ ਵੱਲੋਂ ਸੰਕਟ ਦੀ ਘੜੀ ’ਚ ਸਰਕਾਰ ਨੂੰ ਮੁਕੰਮਲ ਹਮਾਇਤ ਦਾ ਭਰੋਸਾ
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਆਲ ਪਾਰਟੀ ਮੀਟਿੰਗ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੋਈ ਨੁਕਤਾ ਵਿਚਾਰਦੇ ਹੋਏ। ਤਸਵੀਰ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਵੀ ਨਜ਼ਰ ਆ ਰਹੇ ਹਨ। ਫੋਟੋ: ਪੀਟੀਆਈ 
Advertisement

ਅਦਿੱਤੀ ਟੰਡਨ/ਅਨਿਮੇਸ਼ ਸਿੰਘ

ਨਵੀਂ ਦਿੱਲੀ, 8 ਮਈ

Advertisement

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੂੰ Operation Sindoor ਦੇ ਵੇਰਵਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ (PoK) ਵਿੱਚ ਨੌਂ ਟਿਕਾਣਿਆਂ ’ਤੇ ਸਟੀਕ ਫੌਜੀ ਹਮਲਿਆਂ ਦੌਰਾਨ ਘੱਟੋ-ਘੱਟ 100 ਅਤਿਵਾਦੀਆਂ ਨੂੰ ਮਾਰ ਮੁਕਾਇਆ ਹੈ। ਸਿੰਘ ਨੇ ਕਿਹਾ ਕਿ Operation Sindoor ਅਜੇ ਖ਼ਤਮ ਨਹੀਂ ਹੋਇਆ।

ਸਿੰਘ ਨੇ ਵਿਰੋਧੀ ਧਿਰ ਅਤੇ ਹੋਰ ਪਾਰਟੀਆਂ ਨਾਲ ਪੂਰੇ ਵੇਰਵੇ ਸਾਂਝੇ ਕੀਤੇ ਅਤੇ ਕਿਹਾ ਕਿ ਹਮਲੇ ਦਹਿਸ਼ਤਗਰਦਾਂ ਨੂੰ ਖਤਮ ਕਰਨ ਲਈ ਸਨ। ਉਨ੍ਹਾਂ ਕਿਹਾ ਕਿ ਭਾਰਤ ਨੇ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ਕਰਨ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਸੀ। ਸਿੰਘ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਦੀ Operation Sindoor ਤਹਿਤ ਕਾਰਵਾਈ ਪਾਕਿਸਤਾਨ ਅਤੇ ਪੀਓਕੇ ਤੋਂ ਸੰਚਾਲਿਤ ਚੋਣਵੇਂ ਅਤਿਵਾਦੀ ਸਿਖਲਾਈ ਕੈਂਪਾਂ ’ਤੇ ਕੇਂਦਰਤ ਸੀ ਤੇ ਇਸ ਦੌਰਾਨ ਗੈਰ-ਫੌਜੀ ਟਿਕਾਣਿਆਂ ਨੂੰ ਬਚਾਉਣ ਲਈ ਪੂਰੀ ਚੌਕਸੀ ਵਰਤੀ ਗਈ। ਆਪਰੇਸ਼ਨ ਵਿੱਚ ਜਾਨੀ ਨੁਕਸਾਨ ਦੇ ਅੰਕੜੇ ਪਹਿਲੀ ਵਾਰ ਵਿਰੋਧੀ ਧਿਰ ਨਾਲ ਰਸਮੀ ਤੌਰ ’ਤੇ ਸਾਂਝੇ ਕੀਤੇ ਗਏ ਹਨ।

ਸਰਬ ਪਾਰਟੀ ਮੀਟਿੰਗ ’ਚ ਸ਼ਾਮਲ ਸੱਤਾਧਿਰ ਤੇ ਵਿਰੋਧੀ ਪਾਰਟੀਆਂ ਦੇ ਆਗੂ। ਫੋਟੋ: ਪੀਟੀਆਈ

ਕਾਂਗਰਸ ਦੀ ਅਗਵਾਈ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਨੇ ਸਰਕਾਰ ਅਤੇ ਭਾਰਤ ਦੀ ਜਵਾਬੀ ਕਾਰਵਾਈ ਦੀ ਖੁੱਲ੍ਹ ਕੇ ਹਮਾਇਤ ਕੀਤੀ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ,‘‘ਸੰਕਟ ਦੀ ਇਸ ਘੜੀ ਵਿਚ ਅਸੀਂ ਸਰਕਾਰ ਦੇ ਨਾਲ ਹਾਂ। ਉਨ੍ਹਾਂ ਨੇ ਜੋ ਵੀ ਕਿਹਾ, ਅਸੀਂ ਸੁਣਿਆ। ਉਨ੍ਹਾਂ ਕਿਹਾ ਕਿ ਦੇਸ਼ ਹਿੱਤ ਵਿੱਚ ਰੱਖਿਆ ਅਤੇ ਸੁਰੱਖਿਆ ਨਾਲ ਜੁੜੇ ਮਾਮਲੇ ਗੁਪਤ ਹਨ ਅਤੇ ਅਸੀਂ ਸਭ ਕੁਝ ਨਹੀਂ ਦੱਸ ਸਕਦੇ। ਅਸੀਂ ਸਾਰਿਆਂ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਅਸੀਂ ਸਾਰੇ ਤੁਹਾਡੇ ਨਾਲ ਹਾਂ ਅਤੇ ਤੁਸੀਂ ਜੋ ਵੀ ਕੰਮ ਕਰ ਰਹੇ ਹੋ, ਉਸ ਨੂੰ ਜਾਰੀ ਰੱਖੋ ਅਤੇ ਅਸੀਂ ਦੇਸ਼ ਹਿੱਤ ਵਿੱਚ ਤੁਹਾਡੇ ਨਾਲ ਰਹਾਂਗੇ।’’

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਵਿਰੋਧੀ ਧਿਰ ਨੇ ਸਰਕਾਰ ਦਾ ਪੂਰਾ ਸਮਰਥਨ ਕੀਤਾ। ਗਾਂਧੀ ਨੇ ਸੰਸਦ ਭਵਨ ਕੰਪਲੈਕਸ ਵਿੱਚ ਮੀਟਿੰਗ ਤੋਂ ਬਾਅਦ ਕਿਹਾ, ‘‘ਅਸੀਂ ਆਪਣਾ ਪੂਰਾ ਸਮਰਥਨ ਦਿੱਤਾ। ਕੁਝ ਗੱਲਾਂ ’ਤੇ ਚਰਚਾ ਨਹੀਂ ਕੀਤੀ ਜਾ ਸਕਦੀ। ਸਾਰਿਆਂ ਨੇ ਸਰਕਾਰ ਦਾ ਸਮਰਥਨ ਕੀਤਾ।’’

ਏਆਈਐੱਮਆਈਐੱਮ ਮੁਖੀ ਐੱਮਐੱਮ ਓਵਾਇਸੀ ਨੇ Operation Sindoor ਲਈ ਹਥਿਆਰਬੰਦ ਫੌਜੀ ਬਲਾਂ ਅਤੇ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ‘‘ਮੈਂ ਇਹ ਵੀ ਸੁਝਾਅ ਦਿੱਤਾ ਕਿ ਸਾਨੂੰ ਦਿ ਰਜ਼ਿਸਟੈਂਸ ਫਰੰਟ (ਟੀਆਰਐਫ) ਵਿਰੁੱਧ ਇੱਕ ਵਿਸ਼ਵਵਿਆਪੀ ਮੁਹਿੰਮ ਚਲਾਉਣੀ ਚਾਹੀਦੀ ਹੈ। ਮੈਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਟੀਆਰਐਫ ਨੂੰ ਇੱਕ ਦਹਿਸ਼ਤੀ ਸੰਗਠਨ ਵਜੋਂ ਨਾਮਜ਼ਦ ਕਰਨ ਸਬੰਧੀ ਅਮਰੀਕਾ ਨੂੰ ਬੇਨਤੀ ਕਰੇ। ਸਾਨੂੰ ਪਾਕਿਸਤਾਨ ਨੂੰ ਵਿੱਤੀ ਐਕਸ਼ਨ ਟਾਸਕ ਫੋਰਸ ਦੀ Grey list ਵਿਚ ਸ਼ਾਮਲ ਕਰਵਾਉਣ ਲਈ ਵੀ ਯਤਨ ਕਰਨੇ ਚਾਹੀਦੇ ਹਨ।’’ ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਥਾਂ ਮੁੜ ਰਾਜਨਾਥ ਸਿੰਘ ਨੇ ਕੀਤੀ। ਖੜਗੇ ਨੇ ਕਿਹਾ, ‘‘ਪ੍ਰਧਾਨ ਮੰਤਰੀ ਇੱਥੇ ਨਹੀਂ ਹਨ, ਉਨ੍ਹਾਂ ਨੂੰ ਸ਼ਾਇਦ ਲੱਗਦਾ ਹੈ ਕਿ ਉਹ ਸੰਸਦ ਤੋਂ ਉੱਪਰ ਹਨ। ਸਮਾਂ ਆਉਣ ’ਤੇ ਅਸੀਂ ਇਹ ਸਵਾਲ ਪੁੱਛਾਂਗੇ। ਸੰਕਟ ਦੇ ਇਸ ਸਮੇਂ ਅਸੀਂ ਕਿਸੇ ਦੀ ਆਲੋਚਨਾ ਨਹੀਂ ਕਰਨਾ ਚਾਹੁੰਦੇ।’’

ਸੱਤਾਧਾਰੀ ਤੇ ਵਿਰੋਧੀ ਧਿਰਾਂ ਦੇ ਆਗੂ ਦਰਮਿਆਨ ਪਿਛਲੇ ਪੰਦਰਵਾੜੇ ਵਿੱਚ ਇਹ ਦੂਜੀ ਮੀਟਿੰਗ ਸੀ। ਕੇਂਦਰੀ ਮੰਤਰੀ ਰਾਜਨਾਥ ਸਿੰਘ, ਅਮਿਤ ਸ਼ਾਹ, ਐੱਸ. ਜੈਸ਼ੰਕਰ, ਜੇਪੀ ਨੱਡਾ ਅਤੇ ਨਿਰਮਲਾ ਸੀਤਾਰਮਨ ਨੇ ਸਰਕਾਰ ਦੀ ਨੁਮਾਇੰਦਗੀ ਕੀਤੀ, ਜਦੋਂ ਕਿ ਕਾਂਗਰਸ ਤੋਂ ਰਾਹੁਲ ਗਾਂਧੀ ਅਤੇ ਮਲਿਕਾਰੁਜਨ ਖੜਗੇ, ਤ੍ਰਿਣਮੂਲ ਕਾਂਗਰਸ ਦੇ ਸੰਦੀਪ ਬੰਦੋਪਾਧਿਆਏ ਅਤੇ ਡੀਐਮਕੇ ਦੇ ਟੀਆਰ ਬਾਲੂ ਮੀਟਿੰਗ ਵਿੱਚ ਪ੍ਰਮੁੱਖ ਵਿਰੋਧੀ ਹਸਤੀਆਂ ਵਿੱਚੋਂ ਸਨ। ਮੀਟਿੰਗ ਦੀ ਪ੍ਰਧਾਨਗੀ ਰਾਜਨਾਥ ਸਿੰਘ ਨੇ ਕੀਤੀ।

ਹੋਰ ਵਿਰੋਧੀ ਆਗੂਆਂ ਵਿੱਚ ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ, ‘ਆਪ’ ਦੇ ਸੰਜੈ ਸਿੰਘ, ਸ਼ਿਵ ਸੈਨਾ (ਯੂਬੀਟੀ) ਦੇ ਸੰਜੇ ਰਾਊਤ, ਐੱਨਸੀਪੀ (ਸਪਾ) ਦੀ ਸੁਪ੍ਰੀਆ ਸੂਲੇ, ਬੀਜੇਡੀ ਦੇ ਸਾਂਬਿਤ ਪਾਤਰਾ ਅਤੇ ਸੀਪੀਆਈ (ਐੱਮ) ਦੇ ਜੌਨ ਬ੍ਰਿਟਾਸ ਸ਼ਾਮਲ ਸਨ। ਜੇਡੀ(ਯੂ) ਦੇ ਨੇਤਾ ਸੰਜੈ ਝਾਅ, ਕੇਂਦਰੀ ਮੰਤਰੀ ਅਤੇ ਐੱਲਜੇਪੀ (ਰਾਮ ਵਿਲਾਸ) ਦੇ ਨੇਤਾ ਚਿਰਾਗ ਪਾਸਵਾਨ ਅਤੇ ਏਆਈਐਮਆਈਐਮ ਦੇ ਸੰਸਦ ਮੈਂਬਰ ਅਸਦੁਦੀਨ ਓਵਾਇਸੀ ਵੀ ਮੀਟਿੰਗ ਦਾ ਹਿੱਸਾ ਸਨ।

ਮੀਟਿੰਗ ਤੋਂ ਪਹਿਲਾਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਾਰਤ-ਪਾਕਿਸਤਾਨ ਤਣਾਅ ਸਬੰਧੀ ਮੌਜੂਦਾ ਹਾਲਾਤ ਬਾਰੇ ਸੰਖੇਪ ਜਾਣਕਾਰੀ ਦਿੱਤੀ। ਭਾਰਤ ਵੱਲੋਂ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਨੌਂ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ, ਪਾਕਿਸਤਾਨ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਭਾਰੀ ਗੋਲੀਬਾਰੀ ਕੀਤੀ, ਜਿਸ ਵਿੱਚ 15 ਵਿਅਕਤੀ ਮਾਰੇ ਗਏ ਅਤੇ 50 ਤੋਂ ਵੱਧ ਹੋਰ ਜ਼ਖਮੀ ਹੋ ਗਏ।

 

Advertisement
Tags :
All party meet