AIRINDIA URINATION ਏਅਰ ਇੰਡੀਆ ਦੀ ਦਿੱਲੀ ਤੋਂ ਬੈਂਕਾਕ ਜਾ ਰਹੀ ਉਡਾਣ ’ਚ ਯਾਤਰੀ ਨੇ ਸਹਿ-ਯਾਤਰੀ ’ਤੇ ਪਿਸ਼ਾਬ ਕੀਤਾ
Air India passenger allegedly urinates on fellow passenger in Delhi-Bangkok flight
ਨਵੀਂ ਦਿੱਲੀ/ਮੁੰਬਈ, 9 ਅਪਰੈਲ
ਦਿੱਲੀ ਤੋਂ ਬੈਂਕਾਕ ਜਾ ਰਹੀ ਏਅਰ ਇੰਡੀਆ ਦੀ ਉਡਾਣ ਦੌਰਾਨ ਬਿਜ਼ਨਸ ਕਲਾਸ ਵਿਚ ਸਫ਼ਰ ਕਰ ਰਹੇ ਯਾਤਰੀ ਨੇ ਸਹਿ-ਯਾਤਰੀ ’ਤੇ ਕਥਿਤ ਪਿਸ਼ਾਬ ਕਰ ਦਿੱਤਾ। ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਬੁੱਧਵਾਰ ਨੂੰ ਏਅਰ ਇੰਡੀਆ ਦੀ ਦਿੱਲੀ ਤੋਂ ਬੈਂਕਾਕ ਜਾ ਰਹੀ ਉਡਾਣ ਸੰਖਿਆ ਏਆਈ2336 ਵਿਚ ਕੈਬਿਨ ਕਰਿਊ (ਜਹਾਜ਼ ਦੇ ਅਮਲੇ) ਵੱਲੋਂ ‘ਇਕ ਯਾਤਰੀ ਵੱਲੋਂ ਮਾੜੇ ਵਤੀਰੇ’ ਦੀ ਸ਼ਿਕਾਇਤ ਕੀਤੀ ਗਈ ਹੈ।
ਏਅਰ ਇੰਡੀਆ ਨੇ ਕਿਹਾ, ‘‘ਅਮਲੇ ਦੇ ਮੈਂਬਰਾਂ ਨੇ ਨਿਰਧਾਰਿਤ ਨੇਮਾਂ ਦੀ ਪਾਲਣਾ ਕਰਦਿਆਂ ਅਥਾਰਿਟੀਜ਼ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਸਬੰਧਤ ਯਾਤਰੀ ਨੂੰ ਚੇਤਾਵਨੀ ਜਾਰੀ ਕੀਤੇ ਜਾਣ ਦੇ ਨਾਲ, ਸਾਡੇ ਅਮਲੇ ਨੇ ਪੀੜਤ ਯਾਤਰੀ ਨੂੰ ਬੈਂਕਾਕ ਵਿੱਚ ਅਧਿਕਾਰੀਆਂ ਕੋਲ ਸ਼ਿਕਾਇਤ ਉਠਾਉਣ ਵਿੱਚ ਸਹਾਇਤਾ ਦੀ ਪੇਸ਼ਕਸ਼ ਵੀ ਕੀਤੀ, ਜਿਸ ਨੂੰ ਉਸ ਸਮੇਂ ਰੱਦ ਕਰ ਦਿੱਤਾ ਗਿਆ ਸੀ।’’ ਹਾਲਾਂਕਿ, ਏਅਰਲਾਈਨ ਨੇ ਯਾਤਰੀਆਂ ਦੇ ਮਾੜੇ ਰਵੱਈਏ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ।
ਸੂਤਰਾਂ ਨੇ ਕਿਹਾ ਕਿ ਯਾਤਰੀ ਨੇ ਕਥਿਤ ਤੌਰ ’ਤੇ ਇੱਕ ਸਹਿ-ਯਾਤਰੀ, ਜੋ ਕਿ ਇੱਕ ਬਹੁ-ਰਾਸ਼ਟਰੀ ਕੰਪਨੀ ਵਿੱਚ ਸੀਨੀਅਰ ਕਾਰਜਕਾਰੀ ਸੀ, ’ਤੇ ਪਿਸ਼ਾਬ ਕੀਤਾ ਸੀ, ਅਤੇ ਦੋਵੇਂ ਬਿਜ਼ਨਸ ਕਲਾਸ ਵਿੱਚ ਯਾਤਰਾ ਕਰ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਏਅਰਲਾਈਨ ਨੇ ਇਹ ਪੂਰਾ ਮਾਮਲਾ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਦੇ ਧਿਆਨ ਵਿਚ ਵੀ ਲਿਆਂਦਾ ਹੈ।
ਇਸ ਘਟਨਾ ਬਾਰੇ ਪੁੱਛੇ ਜਾਣ ’ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਕਿਹਾ ਕਿ ਮੰਤਰਾਲਾ ਇਸ ਘਟਨਾ ਦਾ ਨੋਟਿਸ ਲੈ ਕੇ ਏਅਰਲਾਈਨ ਨਾਲ ਗੱਲ ਕਰੇਗਾ। ਨਾਇਡੂ ਨੇ ਕੌਮੀ ਰਾਜਧਾਨੀ ਵਿਚ ਇਕ ਸਮਾਗਮ ਤੋਂ ਇਕਪਾਸੇ ਕਿਹਾ, ‘‘ਜੇ ਕੋਈ ਗਲਤੀ ਹੋਈ ਹੈ, ਤਾਂ ਅਸੀਂ ਲੋੜੀਂਦੀ ਕਾਰਵਾਈ ਕਰਾਂਗੇ।’’ ਉਧਰ ਏਅਰ ਇੰਡੀਆ ਮੁਤਾਬਕ ਘਟਨਾ ਦੀ ਸਮੀਖਿਆ ਲਈ ਸੁਤੰਤਰ ਕਮੇਟੀ ਦੀ ਬੈਠਕ ਸੱਦੀ ਜਾਵੇਗੀ ਅਤੇ ਲੋੜ ਪੈਣ ’ਤੇ ਸਬੰਧਤ ਯਾਤਰੀ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ 2023 ਵਿੱਚ ਏਅਰ ਇੰਡੀਆ ਦੀਆਂ ਉਡਾਣਾਂ ਵਿੱਚ ਇੱਕ ਯਾਤਰੀ ਵੱਲੋਂ ਆਪਣੇ ਸਾਥੀ ਯਾਤਰੀ ’ਤੇ ਪਿਸ਼ਾਬ ਕਰਨ ਦੀਆਂ ਘੱਟੋ-ਘੱਟ ਦੋ ਘਟਨਾਵਾਂ ਸਾਹਮਣੇ ਆਈਆਂ ਸਨ। 26 ਨਵੰਬਰ, 2022 ਨੂੰ ਏਅਰਲਾਈਨ ਦੀ ਨਿਊਯਾਰਕ-ਨਵੀਂ ਦਿੱਲੀ ਉਡਾਣ ਦੇ ਬਿਜ਼ਨਸ ਕਲਾਸ ਵਿੱਚ ਇੱਕ ਸ਼ਰਾਬੀ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੀ ਮਹਿਲਾ ਸਹਿ-ਯਾਤਰੀ ’ਤੇ ਪਿਸ਼ਾਬ ਕੀਤਾ ਸੀ। 6 ਦਸੰਬਰ, 2022 ਨੂੰ ਵਾਪਰੀ ਇੱਕ ਹੋਰ ਘਟਨਾ ਵਿੱਚ, ਇੱਕ ਸ਼ਰਾਬੀ ਯਾਤਰੀ ਨੇ ਕੈਰੀਅਰ ਦੀ ਪੈਰਿਸ-ਨਵੀਂ ਦਿੱਲੀ ਉਡਾਣ ਵਿੱਚ ਇੱਕ ਮਹਿਲਾ ਯਾਤਰੀ ਦੇ ਕੰਬਲ ’ਤੇ ਕਥਿਤ ਪਿਸ਼ਾਬ ਕੀਤਾ ਸੀ। -ਪੀਟੀਆਈ

