Air India Plane crash: ਅਹਿਮਦਾਬਾਦ ’ਚ ਮੈਡੀਕਲ ਕਾਲਜ ਦੇ ਡਾਕਟਰਾਂ ਦੇ ਰਿਹਾਇਸ਼ੀ ਕੁਆਟਰਾਂ ’ਤੇ ਡਿੱਗਾ Air India ਦਾ ਜਹਾਜ਼
ਜਹਾਜ਼ ਵਿਚ ਅਮਲੇ ਸਣੇ 242 ਯਾਤਰੀ ਸਵਾਰ ਸਨ, ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਨੀ ਸਨ ਸਵਾਰ : ਗੁਜਰਾਤ ਭਾਜਪਾ; ਮੁੱਢਲੀ ਰਿਪੋਰਟ ਵਿਚ ਹਾਦਸਾ ਜਹਾਜ਼ ਦੇ ਹਵਾਈ ਅੱਡੇ ਦੀ ਬਾਊਂਡਰੀ ਵਾਲ ਨਾਲ ਟਕਰਾਉਣ ਕਰਕੇ ਵਾਪਰਨ ਦਾ ਖ਼ਦਸ਼ਾ; ਜਹਾਜ਼ ਡਾਕਟਰਾਂ ਦੇ ਹੋਸਟਲ ਵਾਲੀ ਇਮਾਰਤ ’ਤੇ ਹਾਦਸਾਗ੍ਰਸਤ; ਅਹਿਮਦਾਬਾਦ ਤੋਂ ਲੰਡਨ ਜਾ ਰਹੀ ਸੀ ਉਡਾਣ; ਜਹਾਜ਼ ਦੇ ਉਡਾਣ ਭਰਨ ਮੌਕੇ ਵਾਪਰਿਆ ਹਾਦਸਾ, ਪ੍ਰਧਾਨ ਮੰਤਰੀ ਮੋਦੀ ਵੱਲੋਂ ਹਾਲਾਤ ਦਾ ਜਾਇਜ਼ਾ; ਸ਼ਾਹ ਅਹਿਮਦਾਬਾਦ ਲਈ ਰਵਾਨਾ
ਅਹਿਮਦਾਬਾਦ, 12 ਜੂਨ
ਇਥੇ ਸਰਦਾਰ ਵੱਲਭਭਾਈ ਪਟੇਲ ਹਵਾਈ ਅੱਡੇ ਨੇੜੇ ਮੇਘਾਨੀਨਗਰ ਇਲਾਕੇ ਵਿਚ ਦੁਪਹਿਰੇ ਡੇਢ ਵਜੇ ਦੇ ਕਰੀਬ ਉਡਾਣ ਭਰਨ ਮੌਕੇ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਪੁਲੀਸ ਕੰਟਰੋਲ ਰੂਮ ਮੁਤਾਬਕ ਏਅਰ ਇੰਡੀਆ ਦੀ ਉਡਾਣ ਏਆਈ 171 ਅਹਿਮਦਾਬਾਦ ਤੋਂ ਲੰਡਨ ਜਾ ਰਹੀ ਸੀ। ਜਹਾਜ਼ ਵਿਚ ਪਾਇਲਟ ਤੇ ਹੋਰ ਅਮਲੇ ਸਣੇ 242 ਯਾਤਰੀ ਸਵਾਰ ਦੱਸੇ ਜਾਂਦੇ ਹਨ।
ਜਾਣਕਾਰੀ ਮੁਤਾਬਕ ਜਹਾਜ਼ ਅਹਿਮਦਾਬਾਦ ਸਥਿਤ ਬੀਜੇ ਮੈਡੀਕਲ ਕਾਲਜ ਦੇ ਡਾਕਟਰਾਂ ਦੀ ਰਿਹਾਇਸ਼ੀ ਕੁਆਰਟਰਾਂ ਵਾਲੀ ਇਮਾਰਤ ਦੇ ਉਤੇ ਤੇ ਹਾਦਸਾਗ੍ਰਸਤ ਹੋਇਆ ਹੈ। ਹਾਦਸਾ ਜਹਾਜ਼ ਦੇ ਹਵਾਈ ਅੱਡੇ ਦੀ ਬਾਊਂਡਰੀ ਵਾਲ ਨਾਲ ਟਕਰਾਉਣ ਕਰਕੇ ਵਾਪਰਿਆ ਦੱਸਿਆ ਜਾਂਦਾ ਹੈ।
ਹਾਦਸਾਗ੍ਰਸਤ ਜਹਾਜ਼ ਇੱਕ ਬੋਇੰਗ 787-8 ਡ੍ਰੀਮਲਾਈਨਰ ਹੈ। ਗੁਜਰਾਤ ਭਾਜਪਾ ਮੁਤਾਬਕ ਜਹਾਜ਼ ਵਿਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੈ ਰੂਪਾਨੀ ਵੀ ਸਵਾਰ ਸਨ। ਹਾਦਸੇ ਦਾ ਪਤਾ ਲੱਗਦੇ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਹਿਮਦਾਬਾਦ ਲਈ ਰਵਾਨਾ ਹੋ ਗਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲਾਤ ਦਾ ਜਾਇਜ਼ਾ ਲਿਆ ਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਅਹਿਮਦਾਬਾਦ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ। ਹਾਦਸੇ ਮਗਰੋਂ ਅਹਿਮਦਾਬਾਦ ਹਵਾਈ ਅੱਡੇ ’ਤੇ ਸੇਵਾਵਾਂ ਨੂੰ ਅਗਲੇ ਹੁਕਮਾਂ ਤੱਕ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ।
ਸੂਤਰਾਂ ਮੁਤਾਬਕ ਹਾਦਸਾਗ੍ਰਸਤ ਉਡਾਣ ਵਿਚ 169 ਭਾਰਤੀ, 53 ਬ੍ਰਿਟਿਸ਼ ਨਾਗਰਿਕ, ਇਕ ਕੈਨੇਡੀਅਨ ਤੇ 7 ਪੁਰਤਗਾਲੀ ਨਾਗਰਿਕ ਸਵਾਰ ਸਨ। ਇਨ੍ਹਾਂ ਵਿਚ 217 ਬਾਲਗ ਤੇ 11 ਬੱਚੇ ਸ਼ਾਮਲ ਹਨ। ਹਾਦਸੇ ਦੇ ਮ੍ਰਿਤਕਾਂ ਜਾਂ ਜ਼ਖਮੀਆਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜ਼ਖਮੀਆਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਨੇੜਲੇ ਸ਼ਹਿਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹੈ।
ਏਅਰ ਇੰਡੀਆ ਨੇ ਅਹਿਮਦਾਬਾਦ ਜਹਾਜ਼ ਹਾਦਸੇ ਸਬੰਧੀ ਹੋਰ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਸਮਰਪਿਤ ਯਾਤਰੀ ਹਾਟਲਾਈਨ ਨੰਬਰ 1800 5691 444 ਜਾਰੀ ਕੀਤਾ ਹੈ।
ਏਅਰ ਇੰਡੀਆ ਅਤੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਵੱਲੋਂ ਛੇਤੀ ਹੀ ਅਧਿਕਾਰਤ ਬਿਆਨ ਜਾਰੀ ਕੀਤੇ ਜਾਣ ਦੀ ਉਮੀਦ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪਰ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਹਾਦਸਾ Takeoff ਦੌਰਾਨ ਹੋਇਆ।
ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫੋਨ ਕਰਕੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੂੰ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਜਹਾਜ਼ ਦੀ ਕਮਾਂਡ ਜਹਾਜ਼ ਕੈਪਟਨ ਸੁਮੀਤ ਸੱਭਰਵਾਲ ਕੋਲ ਸੀ ਜਿਨ੍ਹਾਂ ਕੋਲ 8200 ਘੰਟਿਆਂ ਦਾ ਤਜਰਬਾ ਹੈ।
Flight AI171, operating Ahmedabad-London Gatwick, was involved in an incident today, 12 June 2025. At this moment, we are ascertaining the details and will share further updates at the earliest on https://t.co/Fnw0ywg2Zt and on our X handle (https://t.co/Id1XFe9SfL).
-Air India…
— Air India (@airindia) June 12, 2025
ਏਅਰ ਇੰਡੀਆ ਨੇ ਐਕਸ ’ਤੇ ਇਕ ਪੋਸਟ ਵਿਚ ਹਾਦਸੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਫਾਇਰ ਅਫ਼ਸਰ ਜਯੇਸ਼ ਖਾਦੀਆ ਨੇ ਕਿਹਾ ਕਿ ਅੱਗ ਬੁਝਾਉਣ ਲਈ ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਕਈ ਜ਼ਖਮੀਆਂ ਨੂੰ ਸ਼ਹਿਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹੈ।
ਇਹ ਵੀ ਪੜ੍ਹੋ:
Ahmedabad plane crash: ਵਿਜੇ ਰੂਪਾਨੀ ਏਅਰ ਇੰਡੀਆ ਡ੍ਰੀਮਲਾਈਨਰ ’ਤੇ ਸਵਾਰ ਸਨ: ਗੁਜਰਾਤ ਭਾਜਪਾ
ਹਾਦਸੇ ਤੋਂ ਫੌਰੀ ਮਗਰੋਂ ਇਲਾਕੇ ਤੋਂ ਕਾਲੇ ਧੂੰਏਂ ਦਾ ਇੱਕ ਵੱਡਾ ਗੁਬਾਰ ਉੱਠਦਾ ਦੇਖਿਆ ਗਿਆ। ਐਮਰਜੈਂਸੀ ਟੀਮਾਂ ਫੌਰੀ ਮੌਕੇ 'ਤੇ ਪਹੁੰਚ ਗਈਆਂ ਅਤੇ ਬਚਾਅ, ਨਿਕਾਸੀ ਅਤੇ ਅੱਗ ਬੁਝਾਉਣ ਦੇ ਕਾਰਜ ਸ਼ੁਰੂ ਕਰ ਦਿੱਤੇ।
ਜਹਾਜ਼ ਆਈਜੀਬੀ ਗਰਾਊਂਡ ਦੇ ਆਲੇ-ਦੁਆਲੇ ਹਾਦਸਾਗ੍ਰਸਤ ਹੋਇਆ, ਜਿਸ ਕਾਰਨ ਸਥਾਨਕ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਮੌਕੇ ਤੋਂ ਪ੍ਰਾਪਤ ਤਸਵੀਰਾਂ ਵਿੱਚ ਧੂੰਏਂ ਦੇ ਸੰਘਣੇ ਗੁਬਾਰ ਅਸਮਾਨ ਵਿੱਚ ਉੱਠਦੇ ਦਿਖਾਈ ਦਿੱਤੇੇ। ਚਸ਼ਮਦੀਦਾਂ ਨੇ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਅੱਗ ਦੀਆਂ ਲਾਟਾਂ ਉੱਠੀਆਂ।
ਫਾਇਰ ਬ੍ਰਿਗੇਡ ਯੂਨਿਟਾਂ, ਸਥਾਨਕ ਪੁਲੀਸ ਤੇ ਐਂਬੂਲੈਂਸਾਂ ਨੂੰ ਤੁਰੰਤ ਤਾਇਨਾਤ ਕਰ ਦਿੱਤਾ ਗਿਆ, ਜਦੋਂ ਕਿ ਕੌਮੀ ਆਫ਼ਤ ਰਿਸਪੌਂਸ ਬਲਾਂ ਦੀਆਂ ਟੀਮਾਂ ਨੂੰ ਵੀ ਭੇਜਿਆ ਗਿਆ ਹੈ। ਬਚਾਅ ਕਾਰਜ ਜਾਰੀ ਹਨ, ਪਰ ਅਧਿਕਾਰੀਆਂ ਨੇ ਅਜੇ ਤੱਕ ਜ਼ਖਮੀਆਂ ਜਾਂ ਬਚੇ ਲੋਕਾਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ।
#WATCH | Ahmedabad, Gujarat: A senior police officer says, "As per preliminary information, a London-bound Air India flight has crashed at the doctors' hostel. Within 2-3 minutes, police and other agencies reached the spot. Almost 70-80 % of the area has been cleared. All… pic.twitter.com/ugEQiIIOgB
— ANI (@ANI) June 12, 2025
ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨਾਲ ਗੱਲ ਕੀਤੀ ਅਤੇ ਕੇਂਦਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਅਧਿਕਾਰੀਆਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਲੋਕਾਂ ਨੂੰ ਹਾਦਸੇ ਵਾਲੀ ਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
#WATCH | Multiple agencies involved in rescue and relief operations at the Air India plane crash site in Ahmedabad; Debris with smoke emanating lies spread across the site pic.twitter.com/JZIKERPqHa
— ANI (@ANI) June 12, 2025
ਏਐੱਨਆਈ ਦੀ ਰਿਪੋਰਟ ਮੁਤਾਬਕ ਜਹਾਜ਼ ਵਿੱਚ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 2 ਪਾਇਲਟ ਅਤੇ 10 ਅਮਲੇ ਦੇ ਮੈਂਬਰ ਸ਼ਾਮਲ ਸਨ। ਇਹ ਜਹਾਜ਼ ਕੈਪਟਨ ਸੁਮੀਤ ਸੱਭਰਵਾਲ ਦੀ ਅਗਵਾਈ ਹੇਠ ਸੀ ਅਤੇ ਉਸ ਦੇ ਨਾਲ ਫਸਟ ਅਫਸਰ ਕਲਾਈਵ ਕੁੰਦਰ ਵੀ ਸਨ। ਕੈਪਟਨ ਸੁਮੀਤ ਸੱਭਰਵਾਲ ਇੱਕ LTC ਹਨ ਜਿਨ੍ਹਾਂ ਕੋਲ 8200 ਘੰਟਿਆਂ ਦਾ ਤਜਰਬਾ ਹੈ।
ਸਹਿ-ਪਾਇਲਟ ਕੋਲ 1100 ਘੰਟੇ ਉਡਾਣ ਦਾ ਤਜਰਬਾ ਸੀ। ATC ਦੇ ਅਨੁਸਾਰ, ਜਹਾਜ਼ ਅਹਿਮਦਾਬਾਦ ਤੋਂ ਬਾਅਦ ਦੁਪਹਿਰ ਭਾਰਤੀ ਸਮੇਂ ਅਨੁਸਾਰ 1:39 ਵਜੇ (0809 UTC) ਰਨਵੇਅ 23 ਤੋਂ ਰਵਾਨਾ ਹੋਇਆ। ਇਸ ਨੇ ATC ਨੂੰ MAYDAY ਕਾਲ ਦਿੱਤੀ, ਪਰ ਉਸ ਤੋਂ ਬਾਅਦ, ATC ਵੱਲੋਂ ਕੀਤੀਆਂ ਗਈਆਂ ਕਾਲਾਂ ਦਾ ਜਹਾਜ਼ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਰਨਵੇਅ 23 ਤੋਂ ਰਵਾਨਾ ਹੋਣ ਤੋਂ ਤੁਰੰਤ ਬਾਅਦ, ਜਹਾਜ਼ ਹਵਾਈ ਅੱਡੇ ਦੇ ਘੇਰੇ ਦੇ ਬਾਹਰ ਜ਼ਮੀਨ 'ਤੇ ਡਿੱਗ ਗਿਆ।
ਇਸ ਦੌਰਾਨ ਯੂਕੇ ਸਰਕਾਰ ਨੇ ਕਿਹਾ ਕਿ ਉਨ੍ਹਾਂ ਨੂੰ ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਬਾਰੇ ਪਤਾ ਹੈ। ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਭਾਰਤ ਵਿੱਚ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਤੱਥਾਂ ਨੂੰ ਤੁਰੰਤ ਸਥਾਪਤ ਕਰਨ ਅਤੇ ਸ਼ਾਮਲ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਕੰਮ ਕਰ ਰਹੇ ਹਾਂ। ਬ੍ਰਿਟਿਸ਼ ਨਾਗਰਿਕ ਜਿਨ੍ਹਾਂ ਨੂੰ ਕੌਂਸਲਰ ਸਹਾਇਤਾ ਦੀ ਲੋੜ ਹੈ ਜਾਂ ਦੋਸਤਾਂ ਜਾਂ ਪਰਿਵਾਰ ਬਾਰੇ ਚਿੰਤਾਵਾਂ ਹਨ, ਉਨ੍ਹਾਂ ਨੂੰ 020 7008 5000 'ਤੇ ਕਾਲ ਕਰਨੀ ਚਾਹੀਦੀ ਹੈ। -ਏਜੰਸੀਆਂ