AI plane crash: ਜਹਾਜ਼ ਦਾ ਬਲੈਕ ਬਾਕਸ ਬੀਜੇ ਮੈਡੀਕਲ ਕਾਲਜ ਦੇ ਰਿਹਾਇਸ਼ੀ ਕੁਆਰਟਰਾਂ ਦੀ ਛੱਤ ਤੋਂ ਬਰਾਮਦ
ਅਹਿਮਦਾਬਾਦ, 13 ਜੂਨ
ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼, ਜੋ ਵੀਰਵਾਰ ਨੂੰ ਹਾਦਸਾਗ੍ਰਸਤ ਹੋ ਗਿਆ ਸੀ, ਦਾ ਬਲੈਕ ਬਾਕਸ ਬੀਜੇ ਮੈਡੀਕਲ ਕਾਲਜ ਦੇ ਰਿਹਾਇਸ਼ੀ ਕੁਆਰਟਰਾਂ ਦੀ ਛੱਤ ਤੋਂ ਮਿਲ ਗਿਆ ਹੈ। ਇਹ ਦਾਅਵਾ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਵੱਲੋਂ ਕੀਤਾ ਗਿਆ ਹੈ।
ਬੋਇੰਗ 787-8 ਡਰੀਮਲਾਈਨਰ ਜਹਾਜ਼ ਉਡਾਣ ਭਰਨ ਤੋਂ ਕੁਝ ਮਿੰਟਾਂ ਅੰਦਰ ਬੀਜੇ ਮੈਡੀਕਲ ਕਾਲਜ ਦੇ ਰਿਹਾਇਸ਼ੀ ਕੁਆਰਟਰਾਂ ਉੱਤੇ ਕਰੈਸ਼ ਹੋ ਗਿਆ ਸੀ। ਬਿਊਰੋ ਨੇ ਇਕ ਬਿਆਨ ਵਿਚ ਕਿਹਾ, ‘‘ਡੀਐੱਫਡੀਆਰ (ਬਲੈਕ ਬਾਕਸ) ਛੱਤ ਤੋਂ ਬਰਾਮਦ ਕੀਤਾ ਗਿਆ ਹੈ।’’ ਬਲੈਕ ਬਾਕਸ ਇੱਕ ਛੋਟਾ ਜਿਹਾ ਯੰਤਰ ਹੈ ਜੋ ਕਿਸੇ ਜਹਾਜ਼ ਦੀ ਉਡਾਣ ਦੌਰਾਨ ਜਾਣਕਾਰੀ ਰਿਕਾਰਡ ਕਰਦਾ ਹੈ। ਇਹ ਹਵਾਬਾਜ਼ੀ ਹਾਦਸਿਆਂ ਦੀ ਜਾਂਚ ਵਿੱਚ ਮਦਦਗਾਰ ਸਾਬਤ ਹੁੰਦਾ ਹੈ।
ਆਧੁਨਿਕ ਜਹਾਜ਼ਾਂ ਵਿੱਚ, ਕਾਕਪਿਟ ਵੁਆਇਸ ਰਿਕਾਰਡਰ (CVR) ਅਤੇ ਡਿਜੀਟਲ ਫਲਾਈਟ ਡੇਟਾ ਰਿਕਾਰਡਰ (DFDR) ਹੁੰਦੇ ਹਨ। ਆਮ ਤੌਰ ’ਤੇ ਇਨ੍ਹਾਂ ਨੂੰ ਬਲੈਕ ਬਾਕਸ ਕਿਹਾ ਜਾਂਦਾ ਹੈ, ਪਰ ਇਸ ਨੂੰ ਚਮਕਦਾਰ ਸੰਤਰੀ ਰੰਗ ਨਾਲ ਪੇਂਟ ਕੀਤਾ ਜਾਂਦਾ ਹੈ ਤਾਂ ਕਿ ਹਾਦਸੇ ਦੀ ਸਥਿਤੀ ਵਿਚ ਦੂਰੋਂ ਇਸ ਦੀ ਪਛਾਣ ਕੀਤੀ ਜਾ ਸਕੇ। ਕੁਝ ਜਹਾਜ਼ਾਂ ਵਿੱਚ ਦੋਵੇਂ ਰਿਕਾਰਡਰ ਏਕੀਕ੍ਰਿਤ ਹੁੰਦੇ ਹਨ। -ਪੀਟੀਆਈ