Ahmedabad plan crash ਡੀਐੱਨਏ ਟੈਸਟਿੰਗ ਮਗਰੋਂ 80 ਪੀੜਤਾਂ ਦੀ ਪਛਾਣ ਹੋਈ, 33 ਲਾਸ਼ਾਂ ਪਰਿਵਾਰਾਂ ਨੂੰ ਸੌਂਪੀਆਂ
Identities of 31 victims ascertained through DNA tests
ਅਹਿਮਦਾਬਾਦ, 15 ਜੂਨ
ਅਥਾਰਿਟੀਜ਼ ਨੇ ਅਹਿਮਦਾਬਾਦ ਜਹਾਜ਼ ਹਾਦਸੇ ਵਿਚ ਮਾਰੇ ਗਏ 241 ਯਾਤਰੀਆਂ ਵਿਚੋਂ 80 ਪੀੜਤਾਂ ਦੀ ਡੀਐੱਨਏ ਟੈਸਟ ਜ਼ਰੀਏ ਪਛਾਣ ਕਰ ਲਈ ਹੈ ਤੇ ਹੁਣ ਤੱਕ 33 ਲਾਸ਼ਾਂ ਸਬੰਧਤ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਹਨ। ਇਹ ਲੋਕ ਰਾਜਸਥਾਨ ਤੇ ਗੁਜਰਾਤ ਦੇ ਵੱਖ ਵੱਖ ਹਿੱਸਿਆਂ ਨਾਲ ਸਬੰਧ ਰੱਖਦੇ ਸਨ।
ਸਰਕਾਰੀ ਬੀਜੇ ਮੈਡੀਕਲ ਕਾਲਜ ਵਿਚ ਸਰਜਰੀ ਦੇ ਪ੍ਰੋਫੈਸਰ ਡਾ. ਰਜਨੀਸ਼ ਪਟੇਲ ਨੇ ਕਿਹਾ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਨੀ ਦੇ ਡੀਐਨਏ ਮੈਚਿੰਗ ਦਾ ਅਮਲ ਵੀ ਚੱਲ ਰਿਹਾ ਹੈ।
ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਪੀੜਤਾਂ ਦੇ ਪਰਿਵਾਰਾਂ ਨਾਲ ਤਾਲਮੇਲ ਬਣਾਉਣ ਲਈ 230 ਟੀਮਾਂ ਬਣਾਈਆਂ ਗਈਆਂ ਸਨ। ਅਹਿਮਦਾਬਾਦ ਤੋਂ ਲੰਡਨ ਜਾਣ ਵਾਲੀ ਉਡਾਣ ਵਿੱਚ 242 ਯਾਤਰੀ ਸਵਾਰ ਸਨ, ਜਿਨ੍ਹਾਂ ਵਿਚ ਚਾਲਕ ਦਲ ਦੇ 12 ਮੈਂਬਰ ਵੀ ਸ਼ਾਮਲ ਸਨ। ਮ੍ਰਿਤਕਾਂ ਵਿਚ ਸਾਬਕਾ ਮੁੱਖ ਮੰਤਰੀ ਰੂਪਾਨੀ ਵੀ ਸ਼ਾਮਲ ਸਨ। ਇਸ ਭਿਆਨਕ ਹਾਦਸੇ ਵਿਚ ਭਾਰਤੀ ਮੂਲ ਦਾ ਬ੍ਰਿਟਿਸ਼ ਨਾਗਰਿਕ ਚਮਤਕਾਰੀ ਢੰਗ ਨਾਲ ਵਾਲ ਵਾਲ ਬਚ ਗਿਆ ਸੀ।
ਏਅਰ ਇੰਡੀਆ ਦਾ ਜਹਾਜ਼ ਕਰੈਸ਼ ਹੋਣ ਨਾਲ ਜ਼ਮੀਨ ’ਤੇ ਪੰਜ MBBS ਵਿਦਿਆਰਥੀਆਂ ਸਮੇਤ 29 ਹੋਰ ਵਿਅਕਤੀ ਮਾਰੇ ਗਏ ਸਨ। ਜਹਾਜ਼ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਕਰੈਸ਼ ਹੋ ਗਿਆ ਸੀ। ਜਹਾਜ਼ ਮੇਘਾਨੀਨਗਰ ਖੇਤਰ ਵਿੱਚ ਮੈਡੀਕਲ ਕਾਲਜ ਦੇ ਨੇੜਲੇ ਕੈਂਪਸ ਵਿੱਚ ਡਿੱਗਾ ਸੀ। -ਪੀਟੀਆਈ