ਅਫ਼ਗਾਨਿਸਤਾਨ ਤੇ ਪਾਕਿਸਤਾਨ ਫੌਰੀ ਜੰਗਬੰਦੀ ਲਈ ਸਹਿਮਤ: ਕਤਰ
ਕਤਰ ਤੇ ਤੁਰਕੀ ਦੀ ਵਿਚੋਲਗੀ ਨਾਲ ਹੋਈ ਗੱਲਬਾਤ ਵਿਚ ਦੋਵਾਂ ਮੁਲਕਾਂ ਦੇ ਰੱਖਿਆ ਮੰਤਰੀ ਹੋਏ ਸ਼ਾਮਲ
ਅਫ਼ਗਾਨਿਸਤਾਨ ਤੇ ਪਾਕਿਸਤਾਨ ਵਿਚਾਲੇ ਪਿਛਲੇ ਇਕ ਹਫ਼ਤੇ ਤੋਂ ਜਾਰੀ ਲੜਾਈ ਮਗਰੋਂ ਦੋਵੇਂ ਮੁਲਕ ਫੌਰੀ ਜੰਗਬੰਦੀ ’ਤੇ ਸਹਿਮਤ ਹੋ ਗਏ ਹਨ। ਕਤਰ ਦੇ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਅਫ਼ਗਾਨਿਸਤਾਨ ਤੇ ਪਾਕਿਸਤਾਨ ਦਰਮਿਆਨ ਜਾਰੀ ਲੜਾਈ ਵਿਚ ਦਰਜਨਾਂ ਲੋਕ ਮਾਰੇ ਗਏ ਹਨ ਤੇ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ।
ਕਤਰ ਨੇ ਬਿਆਨ ਵਿਚ ਕਿਹਾ ਕਿ ਦੋਵੇਂ ਧਿਰਾਂ ਸਥਾਈ ਸ਼ਾਂਤੀ ਤੇ ਸਥਿਰਤਾ ਦੀ ਮਜ਼ਬੂਤੀ ਤੇ ਅਗਲੇ ਦਿਨਾਂ ਵਿਚ ਜੰਗਬੰਦੀ ਦੀ ਲਗਾਤਾਰਤਾ ਯਕੀਨੀ ਬਣਾਉਣ ਲਈ ਗੱਲਬਾਤ ਜਾਰੀ ਰੱਖਣ ਉੱਤੇ ਸਹਿਮਤ ਹੋਏ ਹਨ। ਅਫ਼ਗਾਨਿਸਤਾਨ ਤੇ ਪਾਕਿਸਤਾਨ ਦੇ ਵਫ਼ਦ ਦੋਵਾਂ ਮੁਲਕਾਂ ਦਰਮਿਆਨ ਤਣਾਅ ਘੱਟ ਕਰਨ ਦੇ ਮਕਸਦ ਨਾਲ ਸੰਵਾਦ ਵਾਸਤੇ ਦੋਹਾ ਵਿਚ ਸਨ। ਗੱਲਬਾਤ ਦੀ ਵਿਚੋਲਗੀ ਕਤਰ ਤੇ ਤੁਰਕੀ ਨੇ ਕੀਤੀ।
ਦੋਵਾਂ ਮੁਲਕਾਂ ਦੇ ਗੱਲਬਾਤ ਦੀ ਅਗਵਾਈ ਲਈ ਆਪੋ ਆਪਣੇ ਰੱਖਿਆ ਮੰਤਰੀਆਂ ਨੂੰ ਭੇਜਿਆ। ਪਾਕਿਸਤਾਨ ਨੇ ਕਿਹਾ ਸੀ ਕਿ ਇਹ ਗੱਲਬਾਤ ‘ਅਫ਼ਗਾਨਿਸਤਾਨ ਤੋਂ ਸਿਰ ਚੁੱਕਣ ਵਾਲੇ ਸਰਹੱਦ ਪਾਰ ਅਤਿਵਾਦ ਨੂੰ ਖ਼ਤਮ ਕਰਨ ਤੇ ਸਰਹੱਦ ’ਤੇ ਸ਼ਾਂਤੀ ਤੇ ਸਥਿਰਤਾ ਦੀ ਬਹਾਲੀ ਲਈ ਫੌਰੀ ਕਦਮ ਚੁੱਕਣ ਵੱਲ ਕੇਂਦਰਤ ਹੋਵੇਗੀ। ਦੋਵਾਂ ਮੁਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਮਲੇ ਦਾ ਜਵਾਬ ਦਿੱਤਾ। ਅਫ਼ਗਾਨਿਸਤਾਨ ਨੇ ਸਰਹੱਦੀ ਇਲਾਕਿਆਂ ਵਿਚ ਹਮਲੇ ਕਰਨ ਵਾਲੇ ਅਤਿਵਾਦੀਆਂ ਨੂੰ ਪਨਾਹ ਦੇਣ ਤੋਂ ਇਨਕਾਰ ਕੀਤਾ ਹੈ। ਦੋਵਾਂ ਮੁਲਕਾਂ ਦਰਮਿਆਨ ਟਕਰਾਅ ਰੋਕਣ ਲਈ 48 ਘੰਟੇ ਦੀ ਜੰਗਬੰਦੀ ਸ਼ੁੱਕਰਵਾਰ ਸ਼ਾਮ ਨੂੰ ਖ਼ਤਮ ਹੋ ਗਈ ਸੀ, ਜਿਸ ਮਗਰੋੋਂ ਦੋਵਾਂ ਮੁਲਕਾਂ ਨੇ ਫਿਰ ਤੋਂ ਇਕ ਦੂਜੇ ’ਤੇ ਹਮਲੇ ਕੀਤੇ ਜਾਣ ਦੇ ਦਾਅਵੇ ਕੀਤੇ ਸਨ। ਉਧਰ ਅਫ਼ਗਾਨਿਸਤਾਨ ਕ੍ਰਿਕਟ ਬੋਰਡ (ਏ ਸੀ ਬੀ) ਨੇ ਸ਼ੁੱਕਰਵਾਰ ਨੂੰ ਦੱਖਣ-ਪੂਰਬੀ ਪਕਤਿਕਾ ਸੂਬੇ ’ਚ ਪਾਕਿਸਤਾਨੀ ਫੌਜ ਦੇ ਹਮਲਿਆਂ ’ਚ ਸਥਾਨਕ ਤਿੰਨ ਕ੍ਰਿਕਟਰਾਂ ਦੀ ਮੌਤ ਦਾ ਦਾਅਵਾ ਕਰਦਿਆਂ ਅਗਲੇ ਮਹੀਨੇ ਪਾਕਿਸਤਾਨ ’ਚ ਹੋਣ ਵਾਲੀ ਤਿਕੋਣੀ ਟੀ-20 ਕ੍ਰਿਕਟ ਲੜੀ ’ਚੋਂ ਆਪਣੀ ਕੌਮੀ ਟੀਮ ਦਾ ਨਾਮ ਵਾਪਸ ਲੈ ਲਿਆ ਹੈ।