ਟਰੰਪ ਨੂੰ ਨਾਰਾਜ਼ ਕਰਨ ਵਾਲੇ ਇਸ਼ਤਿਹਾਰ ਨਾ ਚਲਾਏ ਜਾਣ: ਕਾਰਨੀ
ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਨ੍ਹਾਂ ਨੇ ਓਨਟਾਰੀਓ ਦੇ ਪ੍ਰੀਮੀਅਰ ਨੂੰ ਕਿਹਾ ਹੈ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਨਾਰਾਜ਼ ਕਰਨ ਵਾਲੇ ਇਸ਼ਤਿਹਾਰ ਨਾ ਚਲਾਉਣ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਇਕ ਇਸ਼ਤਿਹਾਰ ਪ੍ਰਸਾਰਿਤ ਹੋਇਆ ਸੀ ਜਿਸ ਵਿਚ 1987 ਵਿੱਚ ਰੀਗਨ ਨੂੰ ਸੰਬੋਧਨ ਕਰਦਿਆਂ ਦਿਖਾਇਆ ਗਿਆ ਹੈ ਜਿਸ ਵਿਚ ਉਹ ਕਹਿ ਰਹੇ ਸਨ ਕਿ ਟੈਕਸ ਲਾਉਣ ਨਾਲ ਨੌਕਰੀਆਂ ਖੁੱਸਦੀਆਂ ਹਨ ਤੇ ਟਰੇਡ ਵਾਰ ਸ਼ੁਰੂ ਹੁੰਦੀ ਹੈ, ਇਸ ਇਸ਼ਤਿਹਾਰ ਤੋਂ ਖਿਝ ਕੇ ਟਰੰਪ ਨੇ ਕੈਨੇਡਾ ’ਤੇ ਵਾਧੂ ਦਸ ਫੀਸਦੀ ਟੈਕਸ ਲਾ ਦਿੱਤਾ ਸੀ ਤੇ ਇਸ ਇਸ਼ਤਿਹਾਰ ਨੂੰ ਤੁਰੰਤ ਹਟਾਉਣ ਲਈ ਕਿਹਾ ਸੀ।
ਕਾਰਨੀ ਨੇ ਇਹ ਵੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ਵਿੱਚ ਇੱਕ ਰਾਤ ਦੇ ਖਾਣੇ ਦੌਰਾਨ ਡੋਨਲਡ ਟਰੰਪ ਤੋਂ ਇਸ ਸਬੰਧੀ ਮੁਆਫੀ ਵੀ ਮੰਗੀ ਸੀ। ਇਕ ਇਸ਼ਤਿਹਾਰ ਦੇ ਪ੍ਰਸਾਰਨ ਤੋਂ ਬਾਅਦ ਨੇ ਟਰੰਪ ਨੇ ਕੈਨੇਡਾ ਨਾਲ ਵਪਾਰਕ ਗੱਲਬਾਤ ਖਤਮ ਕਰ ਦਿੱਤੀ ਸੀ ਤੇ ਕੈਨੇਡਾ ’ਤੇ 10 ਫੀਸਦੀ ਵਾਧੂ ਟੈਰਿਫ ਲਾ ਦਿੱਤਾ ਸੀ। ਕਾਰਨੀ ਨੇ ਏਸ਼ੀਆ ਦੇ ਨੌਂ ਦਿਨਾਂ ਦੌਰੇ ਨੂੰ ਖਤਮ ਕਰਦਿਆਂ ਇੱਕ ਨਿਊਜ਼ ਕਾਨਫਰੰਸ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਅਮਰੀਕਾ ਅਤੇ ਕੈਨੇਡਾ ਵਪਾਰ ਬਾਰੇ ਗੱਲਬਾਤ ਮੁੜ ਸ਼ੁਰੂ ਨਹੀਂ ਕਰਨਗੇ। ਏਪੀ
