ਇਮਰਾਨ ਖ਼ਾਨ ਦੀ ‘ਹਿਰਾਸਤੀ ਮੌਤ’ ਸਬੰਧੀ ਅਫ਼ਵਾਹਾਂ ਅਡਿਆਲਾ ਜੇਲ੍ਹ ਪ੍ਰਸ਼ਾਸਨ ਵੱਲੋਂ ਖਾਰਜ
ਪਾਕਿਸਤਾਨ ਦੇ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖਾਨ ਦੀ ਹਿਰਾਸਤ ਵਿੱਚ ਮੌਤ ਦੀਆਂ ਅਫ਼ਵਾਹਾਂ ਕਰਕੇ ਪਾਕਿਸਤਾਨ ਦੀ ਅਡਿਆਲਾ ਜੇਲ੍ਹ ਦੇ ਬਾਹਰ ਤਣਾਅ ਵਧਣ ਮਗਰੋਂ ਜੇਲ੍ਹ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਮੁਖੀ ਦੀ ਸਿਹਤ ਠੀਕ ਹੈ ਅਤੇ ਉਹ ਜੇਲ੍ਹ ਦੇ ਅੰਦਰ ਹੀ ਹਨ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਦੀ ਹਾਲਤ ਬਾਰੇ ਅਟਕਲਾਂ ਨੂੰ ‘ਬੇਬੁਨਿਆਦ’ ਕਰਾਰ ਦਿੰਦੇ ਹੋਏ ਖਾਰਜ ਕਰ ਦਿੱਤਾ। ਜੇਲ੍ਹ ਅਥਾਰਿਟੀਜ਼ ਨੇ ਕਿਹਾ ਕਿ ਕਿ ਖਾਨ ਨੂੰ ਲੋੜੀਂਦੀ ਡਾਕਟਰੀ ਦੇਖਭਾਲ ਮਿਲ ਰਹੀ ਹੈ। ਅਧਿਕਾਰੀਆਂ ਨੇ ਕਿਹਾ, ‘‘ਅਡਿਆਲਾ ਜੇਲ੍ਹ ਤੋਂ ਉਨ੍ਹਾਂ ਨੂੰ ਤਬਦੀਲ ਕਰਨ ਵਾਲੀਆਂ ਰਿਪੋਰਟਾਂ ਵਿੱਚ ਕੋਈ ਸੱਚਾਈ ਨਹੀਂ ਹੈ। ਉਹ ਪੂਰੀ ਤਰ੍ਹਾਂ ਸਿਹਤਮੰਦ ਹਨ।’’
ਇਮਰਾਨ ਖਾਨ ਭ੍ਰਿਸ਼ਟਾਚਾਰ ਅਤੇ ਅਤਿਵਾਦ ਦੇ ਕਈ ਮਾਮਲਿਆਂ ਵਿੱਚ ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਅਡਿਆਲਾ ਦੀ ਜੇਲ੍ਹ ਵਿਚ ਬੰਦ ਹੈ। ਇਮਰਾਨ ਖ਼ਾਨ ਦੀਆਂ ਭੈਣਾਂ ਤੇ ਪੁੱਤਰਾਂ ਅਨੁਸਾਰ ਮੁਲਕ ਦੇ ਸਾਬਕਾ ਵਜ਼ੀਰੇ ਆਜ਼ਮ ਨੂੰ ਕਥਿਤ ਸਖ਼ਤ ਹਾਲਾਤ ਵਿੱਚ ਜੇਲ੍ਹ ਦੀ ਕੋਠੜੀ ਵਿਚ ਇਕਾਂਤਵਾਸ ’ਚ ਰੱਖਿਆ ਜਾ ਰਿਹਾ ਹੈ।
ਇਮਰਾਨ ਦੀਆਂ ਭੈਣਾਂ ਨੂਰੀਨ ਖਾਨ (ਨਿਆਜ਼ੀ), ਅਲੀਮਾ ਖਾਨ, ਅਤੇ ਉਜ਼ਮਾ ਖਾਨ - ਦਾ ਦਾਅਵਾ ਹੈ ਕਿ ਇਸਲਾਮਾਬਾਦ ਹਾਈ ਕੋਰਟ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੇ ਬਾਵਜੂਦ ਉਨ੍ਹਾਂ ਨੂੰ ਆਪਣੇ ਭਰਾ ਨਾਲ ਮੁਲਾਕਾਤ ਕਰਨ ਤੋਂ ਰੋਕਿਆ ਜਾ ਰਿਹਾ ਹੈ।
ਬੁੱਧਵਾਰ ਨੂੰ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਸੀ ਜਦੋਂ ਪੀਟੀਆਈ ਵਰਕਰਾਂ ਅਤੇ ਇਮਰਾਨ ਦੀਆਂ ਭੈਣਾਂ ਨੇ ਅਡਿਆਲਾ ਜੇਲ੍ਹ ਚੈੱਕ-ਪੋਸਟ ਨੇੜੇ ਧਰਨਾ ਦਿੱਤਾ। ਇਸ ਪ੍ਰਦਰਸ਼ਨ ਨੇ ਜਲਦੀ ਹੀ ਹਜ਼ਾਰਾਂ ਸਮਰਥਕਾਂ ਨੂੰ ਇਕੱਠਾ ਕਰ ਲਿਆ, ਜਿਨ੍ਹਾਂ ਵਿੱਚੋਂ ਕੁਝ ਨੇ ਕਥਿਤ ਜੇਲ੍ਹ ਵਿੱਚ ਧਾਵਾ ਬੋਲਣ ਦੀ ਕੋਸ਼ਿਸ਼ ਕੀਤੀ। ਏਆਰਵਾਈ ਨਿਊਜ਼ ਦੀ ਰਿਪੋਰਟ ਅਨੁਸਾਰ, ਜੇਲ੍ਹ ਅਧਿਕਾਰੀਆਂ ਅਤੇ ਪੁਲੀਸ ਵੱਲੋਂ ਅਲੀਮਾ ਖਾਨ ਨੂੰ ਇਮਰਾਨ ਖ਼ਾਨ ਨਾਲ ਮਿਲਾਉਣ ਦੇ ਭਰੋਸੇ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਨੂੰ ਰੱਦ ਕਰ ਦਿੱਤਾ ਗਿਆ।
ਭੈਣਾਂ ਦੇ ਅੱਜ ਬਾਅਦ ਵਿੱਚ ਅਤੇ ਅਗਲੇ ਮੰਗਲਵਾਰ ਨੂੰ ਮੁੜ ਮਿਲਣ ਦੀ ਉਮੀਦ ਹੈ। ਇਸ ਦੌਰਾਨ, ਰੱਖਿਆ ਮੰਤਰੀ ਖਵਾਜਾ ਆਸਿਫ ਨੇ ਜ਼ੋਰ ਦੇ ਕੇ ਕਿਹਾ ਕਿ ਇਮਰਾਨ ਨੂੰ ਇਸ ਸਮੇਂ ਜੇਲ੍ਹ ਵਿੱਚ ਉਸ ਦੀਆਂ ਪਿਛਲੀਆਂ ਨਜ਼ਰਬੰਦੀਆਂ ਦੇ ਮੁਕਾਬਲੇ ਬਿਹਤਰ ਇਲਾਜ ਮਿਲ ਰਿਹਾ ਹੈ।
