ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੰਮੂ ਵਿਚ ਪਾਕਿ ਗੋਲਾਬਾਰੀ ’ਚ ਏਡੀਸੀ ਤੇ ਦੋ ਸਾਲਾ ਬੱਚੀ ਸਣੇ ਪੰਜ ਹਲਾਕ

ਮੁੱਖ ਮੰਤਰੀ ਉਮਰ ਅਬਦੁੱਲਾ ਵੱਲੋਂ ਟਵੀਟ ਕਰਕੇ ਦੁੱਖ ਦਾ ਇਜ਼ਹਾਰ
ਵਧੀਕ ਡਿਪਟੀ ਕਮਿਸ਼ਨਰ ਰਾਜ ਕੁਮਾਰ ਥਾਪਾ। ਫੋਟੋ: ਐਕਸ
Advertisement

ਜੰਮੂ, 10 ਮਈ

ਪਾਕਿਸਤਾਨ ਵੱਲੋਂ ਸ਼ਨਿੱਚਰਵਾਰ ਤੜਕੇ ਜੰਮੂ ਖੇਤਰ ਵਿੱਚ ਦਾਗੇ ਮੋਰਟਾਰ ਗੋਲਿਆਂ ਅਤੇ ਡਰੋਨ ਹਮਲਿਆਂ ਵਿੱਚ ਜੰਮੂ-ਕਸ਼ਮੀਰ ਦੇ ਸੀਨੀਅਰ ਸਰਕਾਰੀ ਅਧਿਕਾਰੀ ਤੇ ਦੋ ਸਾਲਾ ਬੱਚੀ ਸਣੇ ਪੰਜ ਵਿਅਕਤੀ ਮਾਰੇ ਗਏ।

Advertisement

ਅਧਿਕਾਰੀਆਂ ਨੇ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ ਰਾਜੌਰੀ ਰਾਜ ਕੁਮਾਰ ਥਾਪਾ ਤੇ ਉਨ੍ਹਾਂ ਦੇ ਦੋ ਸਟਾਫ਼ ਮੈਂਬਰ ਰਾਜੌਰੀ ਕਸਬੇ ਵਿਚ ਘਰ ਉੱਤੇ ਡਿੱਗੇ ਗੋਲੇ ਕਰਕੇ ਗੰਭੀਰ ਜ਼ਖ਼ਮੀ ਹੋ ਗਏ। ਤਿੰਨਾਂ ਨੂੰ ਫੌਰੀ ਸਰਕਾਰੀ ਮੈਡੀਕਲ ਕਾਲਜ ਲਿਆਂਦਾ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਥਾਪਾ ਦੀ ਮੌਤ ਹੋ ਗਈ ਜਦੋਂਕਿ ਉਨ੍ਹਾਂ ਦੇ ਸਟਾਫ ਮੈਂਬਰਾਂ ਦੀ ਹਾਲਤ ਗੰਭੀਰ ਹੈ।

ਮੁੱਖ ਮੰਤਰੀ ਉਮਰ ਅਬਦੁੱਲਾ ਨੇ ਥਾਪਾ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਸੰਵੇਦਨਾਵਾਂ ਜ਼ਾਹਿਰ ਕੀਤੀਆਂ ਹਨ। ਅਬਦੁੱੱਲਾ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਰਾਜੌਰੀ ਤੋਂ ਭਿਆਨਕ ਖ਼ਬਰ। ਅਸੀਂ ਜੰਮੂ-ਕਸ਼ਮੀਰ ਪ੍ਰਸ਼ਾਸਨਿਕ ਸੇਵਾਵਾਂ ਦੇ ਇੱਕ ਸਮਰਪਿਤ ਅਧਿਕਾਰੀ ਨੂੰ ਗੁਆ ਦਿੱਤਾ ਹੈ। ਕੱਲ੍ਹ ਹੀ ਉਹ ਜ਼ਿਲ੍ਹੇ ਦੇ ਆਲੇ-ਦੁਆਲੇ ਉਪ ਮੁੱਖ ਮੰਤਰੀ ਨਾਲ ਸੀ ਅਤੇ ਮੇਰੀ ਪ੍ਰਧਾਨਗੀ ਹੇਠ ਹੋਈ ਆਨਲਾਈਨ ਮੀਟਿੰਗ ਵਿੱਚ ਸ਼ਾਮਲ ਹੋਇਆ ਸੀ।’’

ਮੁੱਖ ਮੰਤਰੀ ਨੇ ਕਿਹਾ, ‘‘ਰਾਜੌਰੀ ਸ਼ਹਿਰ ਨੂੰ ਨਿਸ਼ਾਨਾ ਬਣਾ ਕੇ ਕੀਤੀ ਗੋਲਾਬਾਰੀ ਵਿੱਚ ਸਾਡੇ ਵਧੀਕ ਜ਼ਿਲ੍ਹਾ ਵਿਕਾਸ ਕਮਿਸ਼ਨਰ ਸ੍ਰੀ ਰਾਜ ਕੁਮਾਰ ਥਾਪਾ ਦੀ ਮੌਤ ਹੋ ਗਈ। ਇਸ ਭਿਆਨਕ ਜਾਨੀ ਨੁਕਸਾਨ ’ਤੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹਨ। ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇ।’’

ਇਸ ਦੌਰਾਨ ਰਾਜੌਰੀ ਕਸਬੇ ਵਿਚ ਸਨਅਤੀ ਇਲਾਕੇ ਨੇੜੇ ਦਾਗੇ ਮੋਰਟਾਰ ਗੋਲਿਆਂ ਕਰਕੇ ਆਇਸ਼ਾ ਨੂਰ(2) ਤੇ ਮੁਹੰਮਦ ਸ਼ੋਇਬ (35) ਦੀ ਮੌਤ ਹੋ ਗਈ ਜਦੋਂਕਿ ਤਿੰਨ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਅਧਿਕਾਰੀਆਂ ਮੁਤਾਬਕ ਪੁਣਛ ਜ਼ਿਲ੍ਹੇ ਦੇ ਮੇਂਧੜ ਸੈਕਟਰ ਦੇ ਕਾਂਗੜਾ-ਗਲਹੁੱਟਾ ਪਿੰਡ ਵਿਚ ਇਕ ਘਰ ’ਤੇ ਮੋਰਟਾਰ ਗੋਲਾ ਡਿੱਗਣ ਕਰਕੇ 55 ਸਾਲਾ ਮਹਿਲਾ ਰਾਸ਼ਿਦਾ ਬੀ ਦੀ ਮੌਤ ਹੋ ਗਈ। ਇਕ ਹੋਰ ਘਟਨਾ ਵਿਚ ਜੰਮੂ ਜ਼ਿਲ੍ਹੇ ਦੇ ਆਰਐੱਸਪੁਰਾ ਸੈਕਟਰ ਵਿਚ ਸਰਹੱਦ ਪਾਰੋਂ ਗੋਲੀਬਾਰੀ ਵਿਚ ਬਿਧੀਪੁਰ ਜੱਟਾ ਪਿੰਡ ਦੇ ਅਸ਼ੋਕ ਕੁਮਾਰ ਉਰਫ਼ ਸ਼ੋਕੀ ਦੀ ਮੌਤ ਹੋ ਗਈ। ਪੁਣਛ ਵਿਚ ਜਾਰੀ ਗੋਲਾਬਾਰੀ ਵਿਚ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਪਸਤਾਲ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿਚ ਮੁਕਾਮੀ ਪੱਤਰਕਾਰ ਜ਼ਖ਼ਮੀ ਹੋ ਗਿਆ। ਜੰਮੂ ਸ਼ਹਿਰ ਦੇ ਰੇਹਾੜੀ ਤੇ ਰੂਪ ਨਗਰ ਵਿਚ ਵੀ ਮੋਰਟਾਰ ਗੋਲਿਆਂ ਤੇ ਸ਼ੱਕੀ ਡਰੋਨ ਹਮਲਿਆਂ ਵਿਚ ਕਈ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਹੈ। -

ਉੜੀ ਤੇ ਗੁਰੇਜ਼ ਸੈਕਟਰਾਂ ਵਿਚ ਵੀ ਗੋਲੀਬੰਦੀ ਦੀ ਉਲੰਘਣਾ

ਸ੍ਰੀਨਗਰ: ਪਾਕਿਸਤਾਨੀ ਫੌਜਾਂ ਨੇ ਜੰਮੂ ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਨਾਲ ਉੜੀ ਤੇ ਗੁਰੇਜ਼ ਸੈਕਟਰਾਂ ਵਿਚ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਉੜੀ ਸੈਕਟਰ ਦੇ ਚਾਰੁੰਦਾ ਤ ਹਾਟਲੰਗਾ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿਚ ਗੁਰੇਜ਼ ਸੈਕਟਰ ਦੇ ਬਾਗਟੋਰ ਇਲਾਕੇ ਵਿਚ ਗੋਲੀਬੰਦੀ ਦੀ ਉਲੰਘਣਾ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਥਾਵਾਂ ’ਤੇ ਭਾਰੀ ਗੋਲਾਬਾਰੀ ਜਾਰੀ ਹੈ, ਪਰ ਫਿਲਹਾਲ ਕਿਸ ਜਾਨੀ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਸ਼ੁੱਕਰਵਾਰ ਨੂੰ ਪਾਕਿ ਫੌਜਾਂ ਵੱਲੋਂ ਕੰਟਰੋਲ ਰੇਖਾ ਦੇ ਨਾਲ ਬਾਰਾਮੂਲਾ ਅਤੇ ਕੁਪਵਾੜਾ ਜ਼ਿਲ੍ਹਿਆਂ ਵਿਚ ਕੀਤੀ ਗਈ ਭਾਰੀ ਗੋਲੀਬਾਰੀ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਅਤੇ ਉਸ ਦੇ ਪਰਿਵਾਰ ਦੇ ਦੋ ਮੈਂਬਰ ਜ਼ਖਮੀ ਹੋ ਗਏ ਸਨ। -ਪੀਟੀਆਈ

 

Advertisement
Show comments