Adani issue ਪ੍ਰਧਾਨ ਮੰਤਰੀ ਦਾ ਨਿੱਜੀ ਨਹੀਂ ਸਗੋਂ ਦੇਸ਼ ਦਾ ਮਾਮਲਾ: ਰਾਹੁਲ
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਡਾਨੀ ਸਮੂਹ ਨਾਲ ਜੁੜੇ ਵਿਵਾਦ ’ਤੇ ਅਮਰੀਕੀ ਮੀਡੀਆ ’ਚ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈ ਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲਿਆ ਤੇ ਕਿਹਾ ਕਿ ਇਹ ਕੋਈ ‘ਨਿੱਜੀ ਮਾਮਲਾ’ ਨਹੀਂ ਸਗੋਂ ਦੇਸ਼ ਨਾਲ ਜੁੜਿਆ ਮਾਮਲਾ ਹੈ। ਰਾਏਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਆਪਣੇ ਸੰਸਦੀ ਹਲਕੇ ਦੇ ਦੌਰੇ ਦੇ ਦੂਜੇ ਦਿਨ ਲਾਲਗੰਜ ’ਚ ਇੱਕ ਸਮਾਗਮ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀ ਕੀਤੀ।
ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਮੀਡੀਆ ਨੂੰ ਕਿਹਾ ਕਿ ਉਦਯੋਗਪਤੀ ਗੌਤਮ ਅਡਾਨੀ ਉਨ੍ਹਾਂ ਦੇ ਦੋਸਤ ਹਨ, ਉਹ ਅਮਰੀਕੀ ਰਾਸ਼ਟਰਪਤੀ ਤੋਂ ਉਨ੍ਹਾਂ ਬਾਰੇ ਕੁਝ ਨਹੀਂ ਪੁੱਛਣਗੇ। ਰਾਹੁਲ ਨੇ ਕਿਹਾ, ‘ਅਡਾਨੀ ਖ਼ਿਲਾਫ਼ ਅਮਰੀਕਾ ’ਚ ਭ੍ਰਿਸ਼ਟਾਚਾਰ ਤੇ ਚੋਰੀ ਦਾ ਮਾਮਲਾ ਹੈ ਅਤੇ ਸਾਡੇ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਇਹ ਇੱਕ ਨਿੱਜੀ ਮਾਮਲਾ ਹੈ ਅਤੇ ਅਸੀਂ ਇਸ ’ਤੇ ਚਰਚਾ ਨਹੀਂ ਕਰਦੇ! ਜੇ ਉਹ ਅਸਲ ਵਿੱਚ ਪ੍ਰਧਾਨ ਮੰਤਰੀ ਹੁੰਦੇ ਦਾਂ ਉਨ੍ਹਾਂ ਨੇ ਟਰੰਪ ਨੂੰ ਇਸ ਮਾਮਲੇ ਬਾਰੇ ਪੁੱਛਿਆ ਹੁੰਦਾ ਅਤੇ ਉਨ੍ਹਾਂ ਨੂੰ ਕਿਹਾ ਹੁੰਦਾ ਕਿ ਉਹ ਇਸ ਦੀ ਜਾਂਚ ਕਰਾਉਣਗੇ ਅਤੇ ਜੇ ਲੋੜ ਪਈ ਤਾਂ ਅਡਾਨੀ ਨੂੰ ਜਾਂਚ ਲਈ (ਅਮਰੀਕਾ) ਭੇਜਣਗੇ। ਪਰ ਉਨ੍ਹਾਂ ਕਿਹਾ ਕਿ ਇਹ ਇੱਕ ਨਿੱਜੀ ਮਾਮਲਾ ਹੈ।’
ਇਸੇ ਦੌਰਾਨ ਰਾਹੁਲ ਗਾਂਧੀ ਨੇ ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਉੱਤਰ ਪ੍ਰਦੇਸ਼ ’ਚ ਉਸ ਦੀ ‘ਡਬਲ ਇੰਜਣ ਸਰਕਾਰ’ ਨੂੰ ਪੂਰੀ ਤਰ੍ਹਾਂ ਨਾਕਾਮ ਤੇ ‘ਬਿਨਾਂ ਇੰਜਣ ਵਾਲੀ’ ਦੱਸਿਆ। ਰਾਹੁਲ ਨੇ ਦੋਸ਼ ਲਾਇਆ ਉੱਤਰ ਪ੍ਰਦੇਸ਼ ਸਰਕਾਰ ਬੇਰੁਜ਼ਗਾਰੀ ਤੇ ਮਹਿੰਗਾਈ ਨਾਲ ਨਜਿੱਠਣ ’ਚ ਨਾਕਾਮ ਰਹੀ ਹੈ ਅਤੇ ਕੇਂਦਰ ਸਰਕਾਰ ਨਿੱਜੀਕਰਨ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਸੂਬੇ ਵਿੱਚ ਸੱਤਾ ਵਿੱਚ ਹੁੰਦੀ ਤਾਂ ਇੱਥੇ ਰੁਜ਼ਗਾਰ ਦੇ ਮੌਕੇ ਪੈਦਾ ਕਰਦੀ ਜਿਸ ਤਰ੍ਹਾਂ ਉਸ ਦੀਆਂ ਸਰਕਾਰਾਂ ਕਰਨਾਟਕ ਤੇ ਤਿਲੰਗਾਨਾ ’ਚ ਕਰ ਰਹੀਆਂ ਹਨ। -ਪੀਟੀਆਈ