Adani bribery case ਵਿਚ ਗੌਤਮ ਤੇ ਸਾਗਰ ਅਡਾਨੀ ਤੱਕ ਸ਼ਿਕਾਇਤ ਦੀ ਕਾਪੀ ਪੁੱਜਦੀ ਕਰਨ ਲਈ ਯਤਨ ਜਾਰੀ: SEC
ਅਮਰੀਕੀ ਸਕਿਓਰਿਟੀਜ਼ ਤੇ ਐਕਸਚੇਂਜ ਕਮਿਸ਼ਨ ਨੇ ਅਮਰੀਕੀ ਅਦਾਲਤ ਅੱਗੇ ਪ੍ਰਗਤੀ ਰਿਪੋਰਟ ਰੱਖੀ
ਨਿਊ ਯਾਰਕ, 19 ਫਰਵਰੀ
ਅਮਰੀਕਾ ਦੇ ਸਕਿਓਰਿਟੀਜ਼ ਤੇ ਐਕਸਚੇਂਜ ਕਮਿਸ਼ਨ (SEC) ਨੇ ਕਥਿਤ Adani Bribery case ਵਿਚ ਮੰਗਲਵਾਰ ਨੂੰ ਸੰਘੀ ਅਦਾਲਤ ਵਿਚ ਦਾਅਵਾ ਕੀਤਾ ਕਿ ਇਸ ਮਾਮਲੇ ਵਿਚ Gautam Adani ਤੇ Sagar Adani ਤੱਕ ਸ਼ਿਕਾਇਤ ਦੀ ਕਾਪੀ/ਸੰਮਨ ਪੁੱਜਦੇ ਕਰਨ ਲਈ ਯਤਨ ਜਾਰੀ ਹਨ। ਕਮਿਸ਼ਨ ਨੇ ਜੱਜ ਨੂੰ ਦੱਸਿਆ ਕਿ ਇਸ ਮਾਮਲੇ ਵਿਚ ਭਾਰਤੀ ਅਥਾਰਿਟੀਜ਼ ਨੂੰ ਵੀ ਮਦਦ ਦੀ ਅਪੀਲ ਕੀਤੀ ਗਈ ਹੈ।
SEC ਨੇ ਮੰਗਲਵਾਰ ਨੂੰ ਨਿਊ ਯਾਰਕ ਦੇ ਪੂਰਬੀ ਜ਼ਿਲ੍ਹੇ ਦੀ ਜ਼ਿਲ੍ਹਾ ਕੋਰਟ ਦੇ ਜੱਜ ਨਿਕੋਲਸ ਕੋਲ ਇਸ ਕੇਸ ਦੀ ਪ੍ਰਗਤੀ (Status) ਰਿਪੋਰਟ ਦਾਖ਼ਲ ਕੀਤੀ। ਐੱਸਈਸੀ ਨੇ ਕਿਹਾ ਕਿ ਗੌਤਮ ਅਡਾਨੀ ਤੇ ਸਾਗਰ ਅਡਾਨੀ ਦੋਵੇਂ ਭਾਰਤ ਵਿਚ ਰਹਿ ਰਹੇ ਹਨ ਅਤੇ ਉਨ੍ਹਾਂ ਤੱਕ ਸ਼ਿਕਾਇਤ ਦੀ ਕਾਪੀ ਪੁੱਜਦੀ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ।
ਕਮਿਸ਼ਨ ਨੇ ਕਿਹਾ ਕਿ ਪਿਛਲੇ ਸਾਲ 20 ਨਵੰਬਰ ਦੀ ਉਸ ਦੀ ਸ਼ਿਕਾਇਤ ਵਿਚ ਦਾਅਵਾ ਕੀਤਾ ਗਿਆ ਹੈ ਕਿ ਗੌਤਮ ਅਡਾਨੀ ਤੇ ਸਾਗਰ ਅਡਾਨੀ ਨੇ ਗਿਣਮਿੱਥ ਕੇ ਸੰਘੀ ਸੁੁਰੱਖਿਆ ਕਾਨੂੰਨਾਂ ਵਿਚਲੀਆਂ ਧੋਖਾਧੜੀ ਵਿਰੋਧੀ ਵਿਵਸਥਾਵਾਂ ਦੀ ਉਲੰਘਣਾ ਕੀਤੀ ਤੇ Adani Green Energy Limited ਨੂੰ ਲੈ ਕੇ ਗੁੰਮਰਾਹਕੁਨ ਜਾਣਕਾਰੀ ਤੇ ਝੂਠੇ ਦਾਅਵੇ ਕੀਤੇ।
ਕੋਰਟ ਵਿਚ ਦਾਇਰ ਹਲਫ਼ਨਾਮੇ ਵਿਚ ਕਮਿਸ਼ਨ ਨੇ ਕਿਹਾ ਕਿ ਕਿਉਂ ਜੋ ਮੁਦਾਇਲਾ ਬਾਹਰਲੇ ਮੁਲਕ ਵਿਚ ਰਹਿੰਦੇ ਹਨ, ਲਿਹਾਜ਼ਾ ਉਨ੍ਹਾਂ ਨੂੰ ਸਿਵਲ ਪ੍ਰੋਸੀਜ਼ਰ ਦੇ ਸੰਘੀ ਨੇਮਾਂ ਦੇ ਨੇਮ 4(ਐੱਫ) ਤਹਿਤ ਸੰਮਨ ਕੀਤਾ ਗਿਆ ਹੈ। -ਪੀਟੀਆਈ