AAP MLA ਨਰੇਸ਼ ਬਾਲਿਆਨ ਨੂੰ ਫਿਰੌਤੀ ਮਾਮਲੇ 'ਚ 2 ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜਿਆ
ਦਿੱਲੀ ਦੀ ਰਾਊੁਜ਼ ਐਵੇਨਿਊ ਅਦਾਲਤ ਨੇ ਐਤਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਨਰੇਸ਼ ਬਾਲਿਆਨ ਨੂੰ ਜਬਰੀ ਵਸੂਲੀ ਤੇ ਫਿਰੌਤੀ ਦੇ ਇੱਕ ਮਾਮਲੇ ਦੇ ਸਬੰਧ ਵਿੱਚ ਦੋ ਦਿਨ ਦੇ ਪੁਲੀਸ ਰਿਮਾਂਡ 'ਤੇ ਭੇਜ ਦਿੱਤਾ ਹੈ। ਬਾਲਿਆਨ ਨੂੰ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਨੇ ਸ਼ਨਿਚਰਵਾਰ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤੇ ਜਾਂਦੇ ਸਮੇਂ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ, ‘‘ਇਹ ਸਭ ਕੁਝ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ।’’
ਪੁਲੀਸ ਨੇ ਸ਼ਨੀਵਾਰ ਨੂੰ ‘ਐਕਸ’ ਉਤੇ ਪੋਸਟ ਕੀਤਾ ਸੀ, ‘‘ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਦਿੱਲੀ ਵਿਧਾਨ ਸਭਾ ਦੇ ਵਿਧਾਇਕ ਨਰੇਸ਼ ਬਾਲਿਆਨ ਨੂੰ ਫਿਰੌਤੀ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੀ ਗ੍ਰਿਫਤਾਰੀ ਇੱਕ ਆਡੀਓ ਕਲਿੱਪ ਦੀ ਜਾਂਚ ਤੋਂ ਬਾਅਦ ਹੋਈ ਹੈ, ਜਿਸ ਵਿੱਚ ਵਿਧਾਇਕ ਅਤੇ ਬਦਨਾਮ ਗੈਂਗਸਟਰ ਕਪਿਲ ਸਾਂਗਵਾਨ ਉਰਫ਼ ਨੰਦੂ ਵਿਚਕਾਰ ਗੱਲਬਾਤ ਹੋਈ ਹੈ।’’ ਇਹ ਆਡੀਓ ਕਲਿਪ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਜਾਰੀ ਕੀਤੀ ਸੀ, ਜਿਸ ਵਿੱਚ ਕਥਿਤ ਤੌਰ 'ਤੇ ਉੱਤਮ ਨਗਰ ਤੋਂ 'ਆਪ' ਵਿਧਾਇਕ ਨੂੰ ਗੈਂਗਸਟਰ ਕਪਿਲ ਸਾਂਗਵਾਨ, ਜਿਸਨੂੰ ਨੰਦੂ ਵੀ ਕਿਹਾ ਜਾਂਦਾ ਹੈ, ਨੂੰ ਨਿਰਦੇਸ਼ ਦਿੰਦੇ ਹੋਏ ਸੁਣੇ ਜਾਣ ਦਾ ਦਾਅਵਾ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਆਫ ਪੁਲੀਸ (DCP) ਨੇ ਕਿਹਾ, "ਇਸ ਕੇਸ ਵਿੱਚ ਕਪਿਲ ਸਾਂਗਵਾਨ ਉਰਫ਼ ਨੰਦੂ ਅਤੇ 'ਆਪ' ਵਿਧਾਇਕ ਨਰੇਸ਼ ਬਾਲਿਆਨ ਵਿਚਕਾਰ ਹੋਈ ਗੱਲਬਾਤ ਦੀ ਇੱਕ ਆਡੀਓ ਰਿਕਾਰਡਿੰਗ ਜਨਤਕ ਤੌਰ ’ਤੇ ਉਪਲਬਧ ਹੈ। ਵਿਦੇਸ਼ਾਂ ਤੋਂ ਅਪਰਾਧ ਦਾ ਕਾਰੋਬਾਰ ਚਲਾ ਰਹੇ ਗੈਂਗਸਟਰਾਂ ਖਿਲਾਫ ਦਿੱਲੀ ਪੁਲੀਸ ਦੀ ਚੱਲ ਰਹੀ ਕਾਰਵਾਈ ਦਾ ਉਦੇਸ਼ ਵੀ ਉਨ੍ਹਾਂ ਦੇ ਸਥਾਨਕ ਸਾਥੀਆਂ ਦੀ ਪਛਾਣ ਕਰਨਾ ਹੈ। ਵਿਦੇਸ਼ਾਂ ਤੋਂ ਕੀਤੇ ਜਾਂਦੇ ਸੰਗਠਿਤ ਅਪਰਾਧਾਂ ਦਾ ਮੁੱਖ ਉਦੇਸ਼ ਪੈਸੇ ਦੀ ਵਸੂਲੀ ਕਰਨਾ ਹੀ ਹੈ।’’
ਦੇਖੋ ਵੀਡੀਓ:
ਸ਼ਨਿੱਚਰਵਾਰ ਨੂੰ ਭਾਜਪਾ ਨੇਤਾ ਗੌਰਵ ਭਾਟੀਆ ਨੇ ਦੋਸ਼ ਲਗਾਇਆ ਕਿ ਨਰੇਸ਼ ਬਾਲਿਆਨ ਕਥਿਤ ਤੌਰ ’ਤੇ ਇੱਕ ਗੈਂਗਸਟਰ ਦੀ ਮਦਦ ਨਾਲ ਜਬਰਨ ਵਸੂਲੀ ਦੇ ਕੰਮ ਵਿੱਚ ਸ਼ਾਮਲ ਹੈ। ਇਹ ਦਾਅਵਾ ਵੀ ਕੀਤਾ ਕਿ "ਗੈਂਗਸਟਰ 'ਆਪ' ਦੇ ਸਭ ਤੋਂ ਵੱਡੇ ਸਮਰਥਕ ਹਨ।" ਕੌਮੀ ਰਾਜਧਾਨੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਟੀਆ ਨੇ ਦੋਸ਼ ਲਾਇਆ ਸੀ, "ਆਪ’ ਗੁੰਡਿਆਂ ਦੀ ਪਾਰਟੀ ਬਣ ਗਈ ਹੈ। ਗੈਂਗਸਟਰ 'ਆਪ' ਦੇ ਸਭ ਤੋਂ ਵੱਡੇ ਸਮਰਥਕ ਹਨ। ਉਹ 'ਆਪ' ਵਿਧਾਇਕਾਂ ਦੀਆਂ ਹਦਾਇਤਾਂ 'ਤੇ ਆਮ ਆਦਮੀ ਨੂੰ ਡਰਾ-ਧਮਕਾ ਕੇ ਖੁੱਲ੍ਹੇਆਮ ਪੈਸੇ ਵਸੂਲਦੇ ਹਨ। ਅਰਵਿੰਦ ਕੇਜਰੀਵਾਲ ਦੀ ਸਹਿਮਤੀ ਨਾਲ 'ਆਪ' ਦੇ ਵਿਧਾਇਕ ਮਾਸੂਮ ਨਾਗਰਿਕਾਂ ਨੂੰ ਡਰਾ-ਧਮਕਾ ਕੇ ਫਿਰੌਤੀ ਦੇ ਰੈਕੇਟ ਚਲਾ ਰਹੇ ਹਨ।"
ਉਨ੍ਹਾਂ ਕਿਹਾ, ‘‘'ਆਪ' ਦੇ 'ਫ਼ਿਰੌਤੀਬਾਜ਼' ਵਿਧਾਇਕ ਨਰੇਸ਼ ਬਲਿਆਨ ਦੀ ਇੱਕ ਆਡੀਓ ਕਲਿੱਪ ਵਿੱਚ ਉਹ ਇੱਕ ਗੈਂਗਸਟਰ ਨਾਲ ਇੱਕ ਬਿਲਡਰ ਤੋਂ ਪੈਸੇ ਵਸੂਲਣ ਬਾਰੇ ਗੱਲ ਕਰਦਾ ਸੁਣਿਆ ਗਿਆ ਹੈ। ਕੀ ਇਹ ਇੱਕ ਵਿਧਾਇਕ ਦਾ ਕੰਮ ਹੈ, ਜਿਸ ਨੇ ਸੰਵਿਧਾਨ ਨੂੰ ਕਾਇਮ ਰੱਖਣ ਦੀ ਸਹੁੰ ਚੁੱਕੀ ਹੈ, ਨਾਗਰਿਕਾਂ ਨੂੰ ਧਮਕਾਉਣਾ ਅਤੇ ਕੇਜਰੀਵਾਲ ਦੀ ਮਨਜ਼ੂਰੀ ਨਾਲ ਫਿਰੌਤੀ ਦਾ ਰੈਕੇਟ ਚਲਾਇਆ ਜਾ ਰਿਹਾ ਹੈ’’ -ਏਐਨਆਈ
AAP, Naresh Balyan, Arvind Kejriwal, Delhi police, custody, Rouse Avenue Court AAP MLA Naresh Balyan