AAP MLA ਲੁਧਿਆਣਾ ਪੱਛਮੀ ਤੋਂ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੀ ਸ਼ੱਕੀ ਹਾਲਾਤ ’ਚ ਮੌਤ
ਗਗਨਦੀਪ ਅਰੋੜਾ
ਲੁਧਿਆਣਾ, 10 ਜਨਵਰੀ
ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਦੇਰ ਰਾਤ ਘਰ ਵਿਚ ਹੀ ਗੋਲੀ ਲੱਗਣ ਕਰਕੇ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਹੈ। ਗੋਗੀ ਦੇ ਸਿਰ ਵਿਚ ਗੋਲੀ ਲੱਗਣ ਦੀਆਂ ਰਿਪੋਰਟਾਂ ਹਨ। ਇਹ ਘਟਨਾ ਰਾਤ 11:30 ਵਜੇ ਦੀ ਦੱਸੀ ਜਾਂਦੀ ਹੈ। ਪੁਲੀਸ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਤੋਂ ਪੁਸ਼ਟੀ ਹੋਵੇਗੀ ਕਿ ਬੱਸੀ ਨੇ ਖੁਦਕੁਸ਼ੀ ਕੀਤੀ ਸੀ ਜਾਂ ਉਨ੍ਹਾਂ ਗਲਤੀ ਨਾਲ ਖ਼ੁਦ ਨੂੰ ਗੋਲੀ ਮਾਰ ਲਈ ਸੀ। ਸੰਯੁਕਤ ਪੁਲੀਸ ਕਮਿਸ਼ਨਰ ਜਸਕਰਨ ਸਿੰਘ ਤੇਜਾ ਨੇ ਲੁਧਿਆਣਾ ਵਿੱਚ ਮੀਡੀਆ ਨੂੰ ਦੱਸਿਆ ਕਿ ਗੁਰਪ੍ਰੀਤ ਗੋਗੀ ਨੂੰ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀਐਮਸੀਐਚ) ਵਿੱਚ ਮ੍ਰਿਤਕ ਲਿਆਂਦਾ ਗਿਆ ਸੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਸਣੇ ਹੋਰਨਾਂ ਸਿਆਸੀ ਆਗੂਆਂ ਨੇ ਆਪ ਵਿਧਾਇਕ ਦੇ ਅਕਾਲ ਚਲਾਣੇ ’ਤੇ ਦੁਖ ਜਤਾਇਆ ਹੈ।
ਤੇਜਾ ਨੇ ਕਿਹਾ, "ਪਰਿਵਾਰਕ ਮੈਂਬਰਾਂ ਅਨੁਸਾਰ ਗੋਗੀ ਨੇ ਗਲਤੀ ਨਾਲ ਖੁਦ ਨੂੰ ਗੋਲੀ ਮਾਰ ਲਈ ਅਤੇ ਉਸ ਦੇ ਸਿਰ ਵਿੱਚ ਗੋਲੀ ਲੱਗੀ। ਗੁਰਪ੍ਰੀਤ ਗੋਗੀ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਲਾਸ਼ ਨੂੰ ਡੀਐਮਸੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ।’’ ਇਹ ਘਟਨਾ ਇੱਕ ਜਨਤਕ ਸਮਾਗਮ ਤੋਂ ਵਾਪਸ ਆਉਣ ਤੋਂ ਤੁਰੰਤ ਬਾਅਦ, ਸਵੇਰੇ 12 ਵਜੇ ਦੇ ਕਰੀਬ ਵਾਪਰੀ। ਗੋਗੀ ਦੀ ਪਤਨੀ, ਜੋ ਦੂਜੇ ਕਮਰੇ ਵਿੱਚ ਸੀ, ਨੇ ਗੋਲੀਆਂ ਦੀ ਆਵਾਜ਼ ਸੁਣੀ ਅਤੇ ਉਸ ਨੂੰ ਖੂਨ ਨਾਲ ਲੱਥਪਥ ਪਿਆ ਦੇਖਿਆ। ਗੋਗੀ ਦੇ ਸੁਰੱਖਿਆ ਗਾਰਡ ਤੁਰੰਤ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਗੋਗੀ ਦਾ ਬਾਅਦ ਦੁਪਹਿਰ 3 ਵਜੇ ਕੇਵੀਐੱਮ ਸਕੂਲ ਨੇੜਲੇ ਸ਼ਮਸ਼ਾਨਘਾਟ ਵਿਚ ਸਸਕਾਰ ਕੀਤਾ ਜਾਵੇਗਾ। ਗੋਗੀ ਦੇ ਪਿੱਛੇ ਉਨ੍ਹਾਂ ਦੀ ਪਤਨੀ ਸੁਖਚੈਨ ਕੌਰ ਗੋਗੀ, ਇੱਕ ਪੁੱਤਰ ਅਤੇ ਇੱਕ ਧੀ ਹੈ। ਗੋਗੀ 2022 ਵਿੱਚ 'ਆਪ' ਵਿੱਚ ਸ਼ਾਮਲ ਹੋਏ ਸਨ। ਉਹ 2022 ਵਿਚ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ ਹਰਾ ਕੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਬਣੇ ਸਨ। ਗੋਗੀ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਮੁਲਾਕਾਤ ਕਰਕੇ ਬੁੱਢੇ ਨਾਲੇ ਦਾ ਮਸਲਾ ਵਿਚਾਰਿਆ ਸੀ। ਗੋਗੀ ਪੀਐਸਆਈਈਸੀ ਦੇ ਚੇਅਰਮੈਨ ਸਨ। ਕਾਂਗਰਸ ਸਰਕਾਰ ਦੌਰਾਨ, ਗੋਗੀ ਨੂੰ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀਐਸਆਈਈਸੀ) ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।ਉਹ 2014 ਤੋਂ 2019 ਤੱਕ ਕਾਂਗਰਸ ਦੇ ਜ਼ਿਲ੍ਹਾ (ਸ਼ਹਿਰੀ) ਪ੍ਰਧਾਨ ਸਨ। ‘ਆਪ’ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਗੋਗੀ ਕਾਂਗਰਸ ਵਿੱਚ ਨਗਰ ਨਿਗਮ ਦੇ ਮੇਅਰ ਦੇ ਅਹੁਦੇ ਲਈ ਇੱਕ ਮਜ਼ਬੂਤ ਦਾਅਵੇਦਾਰ ਸਨ, ਪਰ ਬਲਕਾਰ ਸਿੰਘ ਸੰਧੂ ਨੇ ਇਹ ਦੌੜ ਜਿੱਤ ਲਈ। ਬਾਅਦ ਵਿੱਚ, ਉਨ੍ਹਾਂ ਨੇ ਕਾਂਗਰਸ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ। ਗੋਗੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਸਨ। ਪਿਛਲੇ ਸਾਲ, ਗੋਗੀ ਨੇ ਬੁੱਢੇ ਨਾਲੇ ਵਿੱਚ ਇੱਕ ਪਾਈਪਲਾਈਨ ਪ੍ਰੋਜੈਕਟ ਦਾ ਨੀਂਹ ਪੱਥਰ ਢਾਹ ਦਿੱਤਾ ਸੀ, ਜਿਸਦਾ ਨੀਂਹ ਪੱਥਰ ਉਨ੍ਹਾਂ ਨੇ 2022 ਵਿੱਚ ਰੱਖਿਆ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਵਿਧਾਇਕ ਦੇ ਅਕਾਲ ਚਲਾਣੇ ’ਤੇ ਦੁਖ ਜਤਾਇਆ ਹੈ।
ਲੁਧਿਆਣਾ ਪੱਛਮੀ ਤੋਂ ਸਾਡੀ ਪਾਰਟੀ ਦੇ ਸਤਿਕਾਰਯੋਗ ਵਿਧਾਇਕ ਗੁਰਪ੍ਰੀਤ ਗੋਗੀ ਜੀ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ। ਸੁਣ ਕੇ ਬੇਹੱਦ ਦੁੱਖ ਲੱਗਿਆ, ਗੋਗੀ ਜੀ ਬੇਹੱਦ ਵਧੀਆ ਇਨਸਾਨ ਸਨ। ਦੁੱਖ ਦੀ ਘੜੀ 'ਚ ਪਰਿਵਾਰ ਨਾਲ ਦਿਲੋਂ ਹਮਦਰਦੀ। ਪਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ। ਪਰਿਵਾਰ ਸਮੇਤ ਚਾਹੁਣ ਵਾਲਿਆਂ ਨੂੰ ਦੁਖਦਾਈ… pic.twitter.com/FmfXlr5oZM
— Bhagwant Mann (@BhagwantMann) January 11, 2025
ਮਾਨ ਨੇ ਐਕਸ ’ਤੇ ਇਕ ਸੁਨੇਹੇ ਵਿਚ ਕਿਹਾ, ‘‘ਲੁਧਿਆਣਾ ਪੱਛਮੀ ਤੋਂ ਸਾਡੀ ਪਾਰਟੀ ਦੇ ਸਤਿਕਾਰਯੋਗ ਵਿਧਾਇਕ ਗੁਰਪ੍ਰੀਤ ਗੋਗੀ ਜੀ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ। ਸੁਣ ਕੇ ਬੇਹੱਦ ਦੁੱਖ ਲੱਗਿਆ, ਗੋਗੀ ਜੀ ਬੇਹੱਦ ਵਧੀਆ ਇਨਸਾਨ ਸਨ। ਦੁੱਖ ਦੀ ਘੜੀ 'ਚ ਪਰਿਵਾਰ ਨਾਲ ਦਿਲੋਂ ਹਮਦਰਦੀ। ਪਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ। ਪਰਿਵਾਰ ਸਮੇਤ ਚਾਹੁਣ ਵਾਲਿਆਂ ਨੂੰ ਦੁਖਦਾਈ ਭਾਣਾ ਮੰਨਣ ਦਾ ਹੌਸਲਾ-ਹਿੰਮਤ ਬਖ਼ਸ਼ਣ। ਵਾਹਿਗੁਰੂ ਵਾਹਿਗੁਰੂ।’’
Saddened to learn about the unfortunate demise of @AAPPunjab MLA from ludhiana west @gurpreetgogiaap ji. I am short of words after hearing about this tragic news. My sympathies are with the family members and supporters. May Waheguru ji grant eternal peace to the departed soul.
— Amarinder Singh Raja Warring (@RajaBrar_INC) January 11, 2025
ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਗੋਗੀ ਦੀ ਮੌਤ ’ਤੇ ਦੁੱਖ ਜਤਾਇਆ ਹੈ।