AAP Punjab MLA meeting ਅਗਾਮੀ ਅਸੈਂਬਲੀ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਦੇਸ਼ ਲਈ ਵਿਕਾਸ ਮਾਡਲ ਬਣਾਵਾਂਗੇ: ਭਗਵੰਤ ਮਾਨ
ਨਵੀਂ ਦਿੱਲੀ, 11 ਫਰਵਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਅਗਾਮੀ ਅਸੈਂਬਲੀ ਚੋੋਣਾਂ ਤੋਂ ਪਹਿਲਾਂ ਪੰਜਾਬ ਨੂੰ ਪੂਰੇ ਦੇਸ਼ ਲਈ ਵਿਕਾਸ ਦੇ ਮਾਡਲ ਵਜੋਂ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਵਿਚ ਬਗਾਵਤੀ ਸੁਰਾਂ ਉੱਠਣ ਦੇ ਕਾਂਗਰਸ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਖੂਨ ਪਸੀਨੇ ਨਾਲ ਬਣੀ ਪਾਰਟੀ ਹੈ ਅਤੇ ‘ਆਪ’ ਆਗੂ ਤੇ ਵਰਕਰ ਪਾਰਟੀ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹਨ। ਮਾਨ ਇਥੇ ਕਪੂਰਥਲਾ ਹਾਊਸ ਵਿਚ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪੰਜਾਬ ਦੇ ਵਜ਼ੀਰਾਂ ਤੇ ਵਿਧਾਇਕਾਂ ਨਾਲ ਬੈਠਕ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।
ਮਾਨ ਨੇ ਕਿਹਾ ਕਿ ਬੈਠਕ ਦੌਰਾਨ ਕੇਜਰੀਵਾਲ ਨੇ ਪੰਜਾਬ ਦੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਦਾ ਦਿੱਲੀ ਅਸੈਂਬਲੀ ਚੋਣਾਂ ਵਿਚ ਕੀਤੇ ਚੋਣ ਪ੍ਰਚਾਰ ਲਈ ਧੰਨਵਾਦ ਕੀਤਾ। ਚੇਤੇ ਰਹੇ ਕਿ ਪੰਜਾਬ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪਿਛਲੇ ਦਿਨੀਂ ਦਾਅਵਾ ਕੀਤਾ ਸੀ ਕਿ ਸੂਬੇ ਦੀ ਸੱਤਾਧਾਰੀ ਪਾਰਟੀ (ਆਪ) ਦੇ 30 ਤੋਂ ਵੱਧ ਵਿਧਾਇਕ ਕਾਂਗਰਸ ਦੇ ਸੰਪਰਕ ਵਿਚ ਹਨ ਤੇ ਕਿਸੇ ਵੇਲੇ ਵੀ ਪਾਲਾ ਬਦਲ ਸਕਦੇ ਹਨ। ਬਾਜਵਾ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਵਿਧਾਇਕਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਸ਼ਾਇਦ ‘ਆਪ’ ਹੁਣ ਉਨ੍ਹਾਂ ਲਈ ਸਿਆਸੀ ਤੌਰ ’ਤੇ ਲਾਹੇਵੰਦ ਨਹੀਂ ਹੈ।
ਮੁੱਖ ਮੰਤਰੀ ਮਾਨ ਨੇ ਉਪਰੋਕਤ ਦਾਅਵਿਆਂ ਲਈ ਬਾਜਵਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘‘ਬਾਜਵਾ ਨੂੰ ਸਾਡੇ ਵਿਧਾਇਕਾਂ ਦੀ ਗਿਣਤੀ ਕਰਨ ਦੀ ਥਾਂ ਇਹ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਕੋਲ ਦਿੱਲੀ ਵਿਚ ਕਿੰਨੇ ਕਾਂਗਰਸੀ ਵਿਧਾਇਕ ਹਨ।’’ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ‘ਆਪ’ ਆਗੂ ‘ਪੂਰੀ ਤਰ੍ਹਾਂ ਸਮਰਪਿਤ ਹਨ ਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਲੋਭ ਲਾਲਚ ਨਹੀਂ ਹੈ।’’ ਮਾਨ ਨੇ ਕਿਹਾ, ‘‘ਉਹ (ਬਾਜਵਾ) ਪਹਿਲਾਂ ਵੀ ਦਾਅਵੇ ਕਰਦੇ ਸਨ ਕਿ 20 ਤੋਂ 40 ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ। ਉਨ੍ਹਾਂ ਨੂੰ ਕਹਿਣ ਦਿਓ। ਅਸੀਂ ਖੂਨ ਪਸੀਨੇ ਨਾਲ ਇਹ ਪਾਰਟੀ ਬਣਾਈ ਹੈ।’’
ਮੁੱਖ ਮੰਤਰੀ ਨੇ ਕਿਹਾ, ‘‘ਦਿੱਲੀ ਚੋਣਾਂ ਵਿੱਚ ਪੰਜਾਬ ਦੇ ਸਾਡੇ ਸਾਥੀਆਂ ਨੇ ਬਹੁਤ ਮਿਹਨਤ ਕੀਤੀ, ਇਸ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਪੰਜਾਬ ਵਿੱਚ ਸਾਡੀ ਸਰਕਾਰ ਲੋਕਾਂ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ, ਜਿਸ ਵਿਚ ਬਿਜਲੀ, ਸਿੱਖਿਆ ਆਦਿ ਖੇਤਰ ਸ਼ਾਮਲ ਹਨ, ਅਸੀਂ ਉਸ ਵਿਚ ਹੋਰ ਤੇਜ਼ੀ ਲਿਆਉਣੀ ਹੈ।’’ ਉਨ੍ਹਾਂ ਕਿਹਾ, ‘‘ਹਾਰ-ਜਿੱਤ ਹੁੰਦੀ ਰਹਿੰਦੀ ਹੈ, ਅਸੀਂ ਦਿੱਲੀ ਦੀ ਟੀਮ ਦੇ ਤਜਰਬੇ ਨੂੰ ਪੰਜਾਬ ਵਿੱਚ ਲਾਗੂ ਕਰਾਂਗੇ ਕਿਉਂਕਿ ਸਾਡੀ ਪਾਰਟੀ ਆਪਣੇ ਕੰਮ ਲਈ ਜਾਣੀ ਜਾਂਦੀ ਹੈ ਅਤੇ ਅਸੀਂ ਧਰਮ, ਗੁੰਡਾਗਰਦੀ ਦੀ ਰਾਜਨੀਤੀ ਨਹੀਂ ਕਰਦੇ। ਅੱਜ ਦਿੱਲੀ ਤੇ ਪੰਜਾਬ ਦੀਆਂ ਟੀਮਾਂ ਨੇ ਮਿਲ ਕੇ ਫੈਸਲਾ ਕੀਤਾ ਹੈ ਕਿ ਅਸੀਂ ਪੰਜਾਬ ਨੂੰ ਇੱਕ ਮਾਡਲ ਬਣਾਵਾਂਗੇ ਅਤੇ ਦੇਸ਼ ਨੂੰ ਦਿਖਾਵਾਂਗੇ।"
#WATCH | Delhi: Punjab CM Bhagwant Mann says, "... I would ask Pratap Singh Bajwa to count how many MLAs they have in Delhi... The law and order of Punjab is better than most states... We have to put in extra effort being a border state, and we are doing that..." pic.twitter.com/HsMLsAeETF
— ANI (@ANI) February 11, 2025
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਪੂਰਥਲਾ ਹਾਊਸ ਵਿਚ ਹੋਈ ਬੈਠਕ ਦੇ ਹਵਾਲੇ ਨਾਲ ਕਿਹਾ, ‘‘ਪੰਜਾਬ ਨੂੰ ਕੌਮੀ ਪੱਧਰ ਦਾ ਮਾਡਲ ਬਣਾਇਆ ਜਾਵੇਗਾ, ਜਿਸ ਸਬੰਧੀ ਅੱਜ ਚਰਚਾ ਹੋਈ ਅਤੇ ਦਿੱਲੀ ਦੀ ਹਾਰ ਨੂੰ ਲੈ ਕੇ ਵੀ ਮੰਥਨ ਹੋਇਆ ਹੈ।’’
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਟਿੰਗ ਨੂੰ ਲੈ ਕੇ ਕਿਹਾ, "ਦਿੱਲੀ ਅਸੈਂਬਲੀ ਚੋਣਾਂ ਮਗਰੋਂ AAP ਦੀ ਪੰਜਾਬ ਇਕਾਈ ਦਿੱਲੀ ਆਈ ਸੀ। ਅਰਵਿੰਦ ਕੇਜਰੀਵਾਲ ਨੇ ਸਭ ਦਾ ਧੰਨਵਾਦ ਕੀਤਾ। ਆਉਣ ਵਾਲੇ ਦੋ ਸਾਲਾਂ ਵਿੱਚ ਪੰਜਾਬ ਵਿੱਚ ਵਿਕਾਸ ਕੰਮਾਂ ਨੂੰ ਹੋਰ ਕਿਵੇਂ ਕੰਮ ਤੇਜ਼ ਕਰਨਾ ਹੈ, ਉਸ 'ਤੇ ਚਰਚਾ ਹੋਈ...ਅਸੀਂ ਹੋਰ ਕੰਮ ਕਰਾਂਗੇ ਅਤੇ ਪੂਰੇ ਦੇਸ਼ ਵਿੱਚ AAP ਦਾ ਵਿਸਤਾਰ ਹੋਵੇਗਾ।’’ -ਪੀਟੀਆਈ