ਪੱਛਮੀ ਤੁਰਕੀ ਵਿਚ 6.1 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ, ਜਾਨੀ ਨੁਕਸਾਨ ਤੋਂ ਬਚਾਅ
ਤੁਰਕੀ ਦੇ ਪੱਛਮੀ ਹਿੱਸੇ ਵਿਚ ਸੋਮਵਾਰ ਨੂੰ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ’ਤੇ ਭੂਚਾਲ ਦੀ ਸ਼ਿੱਦਤ 6.1 ਮਾਪੀ ਗਈ। ਅਧਿਕਾਰੀਆਂ ਨੇ ਕਿਹਾ ਕਿ ਝਟਕੇ ਇੰਨੇ ਜ਼ੋਰਦਾਰ ਸਨ ਕਿ ਘੱਟੋ ਘੱਟ ਤਿੰਨ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਹਾਲ ਦੀ ਘੜੀ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਆਫ਼ਤ ਤੇ ਐਮਰਜੈਂਸੀ ਪ੍ਰਬੰਧਨ ਏਜੰਸੀ AFAD ਮੁਤਾਬਕ ਭੂਚਾਲ ਦਾ ਕੇਂਦਰ ਬਾਲਿਕੇਸਰ ਸੂਬੇ ਵਿਚ ਸਿੰਦੀਰਗੀ ਕਸਬੇ ਵਿਚ 6 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਭੂਚਾਲ ਮੁਕਾਮੀ ਸਮੇਂ ਮੁਤਾਬਕ ਸੋਮਵਾਰ ਰਾਤੀਂ 10:48 ਵਜੇ ਦੇ ਕਰੀਬ ਆਇਆ ਤੇ ਇਸ ਮਗਰੋਂ ਉਪਰੋਕੱਲੀ ਕਈ ਝਟਕੇ ਆਏ। ਇਸਤੰਬੁਲ ਤੇ ਨੇੜਲੇ ਸੂੁਬਿਆਂ ਬੁਰਸਾ, ਮਨੀਸਾ ਤੇ ਇਜ਼ਮਿਰ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਗ੍ਰਹਿ ਮੰਤਰੀ ਅਲੀ ਯੇਰਲੀਕਾਇਆ ਨੇ ਕਿਹਾ ਕਿ ਤਿੰਨ ਇਮਾਰਤਾਂ ਜੋ ਖਾਲੀ ਸਨ ਤੇ ਇਕ ਦੋ ਮੰਜ਼ਿਲਾ ਦੁਕਾਨ ਨੁਕਸਾਨੀ ਗਈ। ਮੰਤਰੀ ਨੇ ਕਿਹਾ ਕਿ ਦੋ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜੋ ਭੂਚਾਲ ਕਰਕੇ ਦਹਿਲ ਗਏ ਸਨ। ਸਿੰਦੀਰਗੀ ਦੇ ਜ਼ਿਲ੍ਹਾ ਪ੍ਰਸ਼ਾਸਕ ਡੋਗੂਕਨ ਕੋਯੁਨਚੂ ਨੇ ਕਿਹਾ, ‘‘ਹਾਲ ਦੀ ਘੜੀ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ, ਅਸੀਂ ਮੁਲਾਂਕਣ ਕਰ ਰਹੇ ਹਾਂ।’’ ਇਸ ਤੋਂ ਪਹਿਲਾਂ ਅਗਸਤ ਵਿਚ ਵੀ ਸਿੰਦੀਰਗੀ ਵਿਚ 6.1 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ।
