Accident in Mexico ਦੱਖਣੀ ਮੈਕਸਿਕੋ ਵਿਚ ਬੱਸ ਤੇ ਟਰੱਕ ਦੀ ਟੱਕਰ ’ਚ 41 ਹਲਾਕ
ਮ੍ਰਿਤਕਾਂ ਵਿਚ ਦੋਵਾਂ ਵਾਹਨਾਂ ਦੇ ਡਰਾਈਵਰ ਵੀ ਸ਼ਾਮਲ; ਬੱਸ ਵਿਚ ਕੁੱਲ 48 ਵਿਅਕਤੀ ਸਵਾਰ ਸਨ
ਮੈਕਸਿਕੋ ਸ਼ਹਿਰ, 8 ਫਰਵਰੀ
ਦੱਖਣੀ ਮੈਕਸਿਕੋ ਵਿਚ ਸ਼ਨਿੱਚਰਵਾਰ ਵੱਡੇ ਤੜਕੇ ਬੱਸ ਤੇ ਟਰੱਕ ਦੀ ਸਿੱਧੀ ਟੱਕਰ ਵਿਚ 41 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਦੋਵਾਂ ਵਾਹਨਾਂ ਦੇ ਡਰਾਈਵਰ ਦੀ ਸ਼ਾਮਲ ਹਨ। ਰਾਹਤ ਤੇ ਬਚਾਅ ਕਾਰਜ ਜਾਰੀ ਹਨ।
ਬੱਸ ਵਿਚ ਕੁੱਲ 48 ਵਿਅਕਤੀ ਸਵਾਰ ਸਨ। ਹਾਦਸੇ ਵਿਚ 38 ਮੁਸਾਫ਼ਰਾਂ ਤੇ ਦੋਵਾਂ ਡਰਾਈਵਰਾਂ ਦੀ ਮੌਤ ਹੋ ਗਈ। ਸਥਾਨਕ ਅਥਾਰਿਟੀਜ਼ ਨੇ ਕਿਹਾ ਕਿ ਮ੍ਰਿਤਕਾਂ ਵਿਚ ਟਰੱਕ ਦਾ ਡਰਾਈਵਰ ਵੀ ਸ਼ਾਮਲ ਹੈ। ਦੋਵਾਂ ਵਾਹਨਾਂ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਨੂੰ ਅੱਗ ਲੱਗ ਗਈ।
ਖ਼ਬਰ ਏਜੰਸੀ ਰਾਇਟਰਜ਼ ਵੱਲੋਂ ਜਾਰੀ ਤਸਵੀਰਾਂ ਵਿਚ ਬੱਸ ਅੱਗ ਦੀਆਂ ਲਪਟਾਂ ਵਿਚ ਘਿਰੀ ਨਜ਼ਰ ਆ ਰਹੀ ਹੈ। ਟਬੈਸਕੋ ਸਕਿਓਰਿਟੀ ਵਿਚਲੇ ਸੂਤਰਾਂ ਨੇ ਕਿਹਾ ਕਿ ਹੁਣ ਤੱਕ 18 ਬੁਰੀ ਤਰ੍ਹਾਂ ਝੁਲਸੀਆਂ ਲਾਸ਼ਾਂ ਮਿਲੀਆਂ ਹਨ ਤੇ ਹੋਰਾਂ ਦੀ ਭਾਲ ਜਾਰੀ ਹੈ।’’ ਬੱਸ ਅਪਰੇਟਰ ਟੂਰਜ਼ ਐਕੋਸਟਾ ਨੇ ਫੇਸਬੁੱਕ ’ਤੇ ਇਕ ਪੋਸਟ ਵਿਚ ਹਾਦਸੇ ’ਚ ਗਈਆਂ ਜਾਨਾਂ ’ਤੇ ਦੁੱਖ ਜਤਾਇਆ ਹੈ। ਉਧਰ ਸਥਾਨਕ ਅਥਾਰਿਟੀਜ਼ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। -ਰਾਇਟਰਜ਼