ਅਲ-ਕਾਇਦਾ ਨਾਲ ਜੁੜੇ ਦਹਿਸ਼ਤੀ ਹਮਲਿਆਂ ਦੌਰਾਨ ਮਾਲੀ ਵਿੱਚ 3 ਭਾਰਤੀ ਅਗਵਾ; ਰਿਹਾਈ ਲਈ ਕੋਸ਼ਿਸ਼ਾਂ ਜਾਰੀ
ਭਾਰਤ ਨੇ ਪੱਛਮੀ ਅਫ਼ਰੀਕੀ ਮੁਲਕ ਨੂੰ ਲੋੜੀਂਦੇ ਉਪਾਅ ਯਕੀਨੀ ਬਣਾਉਣ ਲਈ ਕਿਹਾ; ਮਾਲੀ ਵਿਚ ਰਹਿ ਰਹੇ ਹੋਰਨਾਂ ਭਾਰਤੀਆਂ ਨੂੰ ਚੌਕਸ ਰਹਿਣ ਦੀ ਸਲਾਹ
ਨਵੀਂ ਦਿੱਲੀ, 3 ਜੁਲਾਈ
ਪੱਛਮੀ ਅਫ਼ਰੀਕੀ ਮੁਲਕ ਦੇ ਵੱਖ ਵੱਖ ਹਿੱਸਿਆਂ ਵਿਚ ਹੋ ਰਹੇ ਲੜੀਵਾਰ ਦਹਿਸ਼ਤੀ ਹਮਲਿਆਂ ਦਰਮਿਆਨ ਭਾਰਤ ਨੇ ਮਾਲੀ ਵਿਚ ਤਿੰਨ ਭਾਰਤੀ ਨਾਗਰਿਕਾਂ ਨੂੰ ਅਗਵਾ ਕੀਤੇ ਜਾਣ ’ਤੇ ਵੱਡੀ ਚਿੰਤਾ ਜਤਾਈ ਹੈ। ਭਾਰਤੀਆਂ ਦੇ ਅਗਵਾ ਹੋਣ ਤੋਂ ਇੱਕ ਦਿਨ ਬਾਅਦ ਨਵੀਂ ਦਿੱਲੀ ਨੇ ਬੁੱਧਵਾਰ ਨੂੰ ਮਾਲੀ ਸਰਕਾਰ ਨੂੰ ਉਨ੍ਹਾਂ ਦੀ ‘ਸੁਰੱਖਿਅਤ ਤੇ ਜਲਦੀ’ ਰਿਹਾਈ ਲਈ ਸਾਰੇ ਜ਼ਰੂਰੀ ਉਪਾਅ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਵਿਦੇਸ਼ ਮੰਤਰਾਲੇ ਨੇ ਮਾਲੀ ਵਿੱਚ ਰਹਿ ਰਹੇ ਸਾਰੇ ਭਾਰਤੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਹੁਤ ਸਾਵਧਾਨੀ ਵਰਤਣ, ਚੌਕਸ ਰਹਿਣ ਅਤੇ ਨਿਯਮਤ ਅਪਡੇਟਸ ਅਤੇ ਜ਼ਰੂਰੀ ਸਹਾਇਤਾ ਲਈ ਬਾਮਾਕੋ ਵਿੱਚ ਦੂਤਾਵਾਸ ਨਾਲ ਰਾਬਤਾ ਬਣਾਈ ਰੱਖਣ। ਮੰਤਰਾਲੇ ਨੇ ਕਿਹਾ ਕਿ ਉਹ ਭਾਰਤੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ ਅਤੇ ਅਗਵਾ ਕੀਤੇ ਗਏ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਵਿਦੇਸ਼ ਮੰਤਰਾਲੇ (MEA) ਨੇ Kayes ਵਿੱਚ ਡਾਇਮੰਡ ਸੀਮੈਂਟ ਫੈਕਟਰੀ ਵਿੱਚ ਕੰਮ ਕਰਨ ਵਾਲੇ ਭਾਰਤੀਆਂ ਨੂੰ ਅਗਵਾ ਕੀਤੇ ਜਾਣ ਨੂੰ ਲੈ ਕੇ ‘ਡੂੰਘੀ ਚਿੰਤਾ’ ਜ਼ਾਹਿਰ ਕੀਤੀ ਹੈ। ਮੰਤਰਾਲੇ ਨੇ ਕਿਹਾ, ‘‘ਇਹ ਘਟਨਾ 1 ਜੁਲਾਈ ਦੀ ਹੈ ਜਦੋਂ ਹਥਿਆਰਬੰਦ ਹਮਲਾਵਰਾਂ ਦੇ ਸਮੂਹ ਨੇ ਫੈਕਟਰੀ ਦੇ ਅਹਾਤੇ ’ਤੇ ਹਮਲਾ ਕੀਤਾ ਅਤੇ ਤਿੰਨ ਭਾਰਤੀ ਨਾਗਰਿਕਾਂ ਨੂੰ ਜ਼ਬਰਦਸਤੀ ਬੰਧਕ ਬਣਾ ਲਿਆ।’’ ਅਲ-ਕਾਇਦਾ ਨਾਲ ਸਬੰਧਤ ਜਮਾਤ ਨੁਸਰਤ ਅਲ-ਇਸਲਾਮ ਵਲ-ਮੁਸਲਿਮੀਨ (JNIM) ਨੇ ਮੰਗਲਵਾਰ ਨੂੰ ਮਾਲੀ ਵਿੱਚ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬਾਮਾਕੋ ਵਿੱਚ ਭਾਰਤੀ ਦੂਤਾਵਾਸ ਸਬੰਧਤ ਅਧਿਕਾਰੀਆਂ, ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ-ਨਾਲ ਡਾਇਮੰਡ ਸੀਮੈਂਟ ਫੈਕਟਰੀ ਦੇ ਪ੍ਰਬੰਧਕਾਂ ਦੇ ਸੰਪਰਕ ਵਿੱਚ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਮਿਸ਼ਨ ਨੇ ਅਗਵਾ ਭਾਰਤੀ ਨਾਗਰਿਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਰਾਬਤਾ ਬਣਾਇਆ ਹੋਇਆ ਹੈ।
ਮੰਤਰਾਲੇ ਨੇ ਬਿਆਨ ਵਿਚ ਕਿਹਾ, ‘‘ਭਾਰਤ ਸਰਕਾਰ ਹਿੰਸਾ ਦੇ ਇਸ ਘਿਨਾਉਣੇ ਕੰਮ ਦੀ ਨਿੰਦਾ ਕਰਦੀ ਹੈ ਅਤੇ ਮਾਲੀ ਗਣਰਾਜ ਦੀ ਸਰਕਾਰ ਨੂੰ ਅਗਵਾ ਕੀਤੇ ਗਏ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਅਤੇ ਜਲਦੀ ਰਿਹਾਈ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਉਪਾਅ ਕਰਨ ਦੀ ਮੰਗ ਕਰਦੀ ਹੈ। ਮੰਤਰਾਲੇ ਦੇ ਸੀਨੀਅਰ ਅਧਿਕਾਰੀ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਅਤੇ ਜਲਦੀ ਰਿਹਾਈ ਲਈ ਵੱਖ-ਵੱਖ ਪੱਧਰਾਂ ’ਤੇ ਕੋਸ਼ਿਸ਼ਾਂ ਕਰ ਰਹੇ ਹਨ।’’ -ਪੀਟੀਆਈ